ਪੰਜਾਬ ਰੋਡੇਵਜ਼ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਵਚਨਬੱਧ: ਲਾਲਜੀਤ ਸਿੰਘ ਭੁੱਲਰ

ਪੰਜਾਬ ਰੋਡੇਵਜ਼ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਵਚਨਬੱਧ: ਲਾਲਜੀਤ ਸਿੰਘ ਭੁੱਲਰ
– ਸਕੱਤਰ ਟਰਾਂਸਪੋਰਟ ਨੂੰ ਤਰੱਕੀਆਂ ਅਤੇ ਤਰਸ ਦੇ ਆਧਾਰ ‘ਤੇ ਰਹਿੰਦੀਆਂ ਨਿਯੁਕਤੀਆਂ ਸਬੰਧੀ ਕਾਰਵਾਈ ਤੇਜ਼ ਕਰਨ ਦੀ ਹਦਾਇਤ
– ਕੈਬਨਿਟ ਮੰਤਰੀ ਨੇ ਪੰਜਾਬ ਰੋਡਵੇਜ਼/ਪਨਬੱਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਅਤੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀਆਂ ਮੰਗਾਂ ਗਹੁ ਨਾਲ ਸੁਣੀਆਂ
–  ਦੂਰ-ਦੁਰਾਡੇ ਨਿਯੁਕਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਘਰਾਂ ਨੇੜੇ ਤੈਨਾਤ ਕਰਨ ਦੀ ਵਿਉਂਤਬੰਦੀ ਕਰਨ ਦੇ ਨਿਰਦੇਸ਼
ਚੰਡੀਗੜ੍ਹ, 11 ਜਨਵਰੀ:
ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਕਿਹਾ ਕਿ ਪੰਜਾਬ ਰੋਡੇਵਜ਼/ਪਨਬੱਸ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਵਚਨਬੱਧ ਹੈ।
ਟਰਾਂਸਪੋਰਟ ਮੰਤਰੀ, ਪੰਜਾਬ ਸ. ਲਾਲਜੀਤ ਸਿੰਘ ਭੁੱਲਰ
ਟਰਾਂਸਪੋਰਟ ਮੰਤਰੀ ਨੇ ਇਹ ਭਰੋਸਾ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਪੰਜਾਬ ਰੋਡਵੇਜ਼/ਪਨਬੱਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਅਤੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਮੁਲਾਜ਼ਮਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਰੋਡੇਵਜ਼/ਪਨਬੱਸ ਵਿੱਚ ਠੇਕਾ ਆਧਾਰਤ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਸਬੰਧੀ ਕੇਸ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਗਠਤ ਕੀਤੀ ਤਿੰਨ ਮੈਂਬਰੀ ਕੈਬਨਿਟ ਸਬ ਕਮੇਟੀ ਵੱਲੋਂ ਹਮਦਰਦੀ ਨਾਲ ਵਿਚਾਰਿਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਸਕੱਤਰ ਟਰਾਂਸਪੋਰਟ ਸ. ਦਿਲਰਾਜ ਸਿੰਘ ਸੰਧਾਵਾਲੀਆ ਨੂੰ ਕਿਹਾ ਕਿ ਵਿਭਾਗ ਵਿੱਚ ਵੱਖ-ਵੱਖ ਤਰੱਕੀਆਂ ਸਬੰਧੀ ਕੇਸਾਂ ਵਿੱਚ ਕਾਰਵਾਈ ਤੇਜ਼ ਕੀਤੀ ਜਾਵੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਪੰਜਾਬ ਰੋਡਵੇਜ਼/ਪਨਬੱਸ ਵਿੱਚ ਤਰਸ ਦੇ ਆਧਾਰ ‘ਤੇ ਰਹਿੰਦੀਆਂ ਨਿਯੁਕਤੀਆਂ ਸਬੰਧੀ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਫ਼ੌਤ ਹੋਏ ਮੁਲਾਜ਼ਮਾਂ ਦੇ ਵਾਰਸਾਂ ਨੂੰ ਖੱਜਲ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਫ਼ੌਤ ਹੋਏ ਮੁਲਾਜ਼ਮ ਦੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਰੱਖਣਾ ਸਰਕਾਰ ਦਾ ਮੁੱਢਲਾ ਫ਼ਰਜ਼ ਹੈ ਅਤੇ ਇਸ ਮੁੱਦੇ ‘ਤੇ ਵਿਭਾਗ ਹਮਦਰਦੀ ਨਾਲ ਫ਼ੈਸਲਾ ਲਵੇ।
ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਬੱਸਾਂ ਦੀ ਪਾਸਿੰਗ ਸਬੰਧੀ ਪ੍ਰਕਿਰਿਆ ਵਿੱਚ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਿੱਜੀ ਤੌਰ ‘ਤੇ ਦੌਰੇ ਕਰਕੇ ਗ਼ੈਰ-ਕਾਨੂੰਨੀ ਢੰਗ ਨਾਲ ਚਲ ਰਹੀਆਂ ਬੱਸਾਂ ਬਾਰੇ ਜਾਣਨ ਅਤੇ ਤੁਰੰਤ ਰਿਪੋਰਟ ਦੇਣ। ਉਨ੍ਹਾਂ ਕਿਹਾ ਕਿ ਬੱਸਾਂ ਦੇ ਟਾਈਮ-ਟੇਬਲ ਸਬੰਧੀ ਆ ਰਹੀਆਂ ਸ਼ਿਕਾਇਤਾਂ ਨੂੰ ਵੀ ਤੁਰੰਤ ਦੂਰ ਕੀਤਾ ਜਾਵੇ।
ਮੁਲਾਜ਼ਮਾਂ ਵੱਲੋਂ ਰੱਖੀ ਮੰਗ ‘ਤੇ ਵਿਚਾਰ ਕਰਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਭਾਗ ਵਲੋਂ ਦੂਰ-ਦੁਰਾਡੇ ਨਿਯੁਕਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਘਰਾਂ ਨੇੜੇ ਤੈਨਾਤ ਕਰਨ ਸਬੰਧੀ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਸਬੰਧੀ ਤੁਰੰਤ ਵਿਉਂਤਬੰਦੀ ਕੀਤੀ ਜਾਵੇ। ਉਨ੍ਹਾਂ ਵਿਭਾਗ ਦੀਆਂ ਇਮਾਰਤਾਂ ਅਤੇ ਵਰਕਸ਼ਾਪਾਂ ਦੀ ਹਾਲਤ ਸਬੰਧੀ ਵੀ ਰਿਪੋਰਟ ਦੇਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਜਿੱਥੇ ਲੋੜ ਹੋਵੇ, ਉਥੇ ਤੁਰੰਤ ਮੁਰੰਮਤ ਕਰਵਾਈ ਜਾਵੇ।
ਮੀਟਿੰਗ ਦੌਰਾਨ ਸਕੱਤਰ ਟਰਾਂਸਪੋਰਟ ਸ. ਦਿਲਰਾਜ ਸਿੰਘ ਸੰਧਾਵਾਲੀਆ, ਡਾਇਰੈਕਟਰ ਸਟੇਟ ਟਰਾਂਸਪੋਰਟ ਮੈਡਮ ਅਮਨਦੀਪ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਹੋਰ ਖ਼ਬਰਾਂ :-  ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਸ਼ਿਵਪੁਰੀ 'ਚ ਨਵੇਂ ਆਰ.ਐਮ.ਸੀ. ਰੋਡ ਦਾ ਉਦਘਾਟਨ

Leave a Reply

Your email address will not be published. Required fields are marked *