14 ਦਸੰਬਰ ਨੂੰ ਘਰੋਂ ਗਿਆ ਸੀ। ਰਾਤ ਭਰ ਘਰ ਨਹੀਂ ਆਇਆ। ਪਰਿਵਾਰ ਵਾਲੇ ਭਾਲ ਕਰ ਰਹੇ ਸੀ ਤਾਂ ਬੱਸ ਸਟੈਂਡ ਕੋਲੋਂ ਸਕੂਟਰੀ ਤੇ ਲਾਸ਼ ਮਿਲੀ। ਲਾਸ਼ ਕੋਲ ਕੁੱਝ ਨਸ਼ੇੜੀ ਵੀ ਘੁੰਮ ਰਹੇ ਸੀ ਜੋ ਪਰਿਵਾਰ ਨੂੰ ਦੇਖ ਕੇ ਭੱਜ ਗਏ।
ਲੁਧਿਆਣਾ ਦੇ ਮਨਜੀਤ ਨਗਰ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਕੱਲ੍ਹ ਦੁਪਹਿਰ ਤੋਂ ਲਾਪਤਾ ਸੀ। ਸਾਰਾ ਪਰਿਵਾਰ ਉਸਦੀ ਭਾਲ ਕਰ ਰਿਹਾ ਸੀ। ਜਦੋਂ ਪਰਿਵਾਰਕ ਮੈਂਬਰ ਬੱਸ ਸਟੈਂਡ ਇਲਾਕੇ ਵਿੱਚ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਨੌਜਵਾਨ ਦੀ ਐਕਟਿਵਾ ਦਿਖਾਈ ਦਿੱਤੀ। ਉਥੋਂ ਕੁਝ ਦੂਰੀ ‘ਤੇ ਲਾਸ਼ ਮਿਲੀ। ਜੈਕਟ ਉਸਦੇ ਮੂੰਹ ‘ਤੇ ਪਈ ਸੀ। ਕੁੱਝ ਨੌਜਵਾਨ ਜੋ ਨਸ਼ੇ ਦੇ ਆਦੀ ਸਨ, ਉਹ ਵੀ ਲਾਸ਼ ਦੇ ਨੇੜੇ ਹੀ ਦੇਖੇ ਗਏ ਜੋ ਮੌਕੇ ਤੋਂ ਭੱਜ ਗਏ। ਮ੍ਰਿਤਕ ਦੀ ਪਛਾਣ ਬਘੇਲ ਸਿੰਘ ਵਜੋਂ ਹੋਈ। 28 ਸਾਲਾ ਦਾ ਬਘੇਲ ਆਪਣੇ ਪਿਤਾ ਨਾਲ ਕੱਪੜੇ ਵੇਚਣ ਦਾ ਕੰਮ ਕਰਦਾ ਸੀ।
ਪਿਤਾ ਰਣਬੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਬਘੇਲ ਕਿਸੇ ਜ਼ਰੂਰੀ ਕੰਮ ਲਈ ਇਹ ਕਹਿ ਕੇ ਐਕਟਿਵਾ ’ਤੇ ਘਰੋਂ ਨਿਕਲਿਆ ਸੀ ਕਿ ਸ਼ਾਮ ਤੱਕ ਉਹ ਵਾਪਸ ਆ ਜਾਵੇਗਾ। ਰਿਸ਼ਤੇਦਾਰੀ ਵਿੱਚ ਵੀ ਭਾਲ ਕੀਤੀ। ਦੇਰ ਰਾਤ ਬਘੇਲ ਦੀ ਐਕਟਿਵਾ ਅਤੇ ਲਾਸ਼ ਬੱਸ ਸਟੈਂਡ ਨੇੜਿਓਂ ਮਿਲੀ। ਉਹਨਾਂ ਕਿਹਾ ਕਿ ਪੁੱਤ ਨਸ਼ੇ ਦਾ ਸ਼ਿਕਾਰ ਹੋ ਗਿਆ ਸੀ। ਓਵਰਡੋਜ਼ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਦਾ ਇਲਜ਼ਾਮ ਹੈ ਕਿ ਮਨਜੀਤ ਨਗਰ ਵਿੱਚ ਚਿੱਟਾ ਸ਼ਰੇਆਮ ਵੇਚਿਆ ਜਾਂਦਾ ਹੈ। ਕਈ ਵਾਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਗਈ ਕਿ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਪੁਲਿਸ ਦੀ ਢਿੱਲਮੱਠ ਕਾਰਨ ਅੱਜ ਉਹਨਾਂ ਦੇ ਲੜਕੇ ਦੀ ਮੌਤ ਹੋ ਗਈ। ਜੇਕਰ ਪੁਲਿਸ ਚਿੱਟਾ ਵੇਚਣ ਵਾਲੇ ਨਸ਼ਾ ਤਸਕਰਾਂ ਖਿਲਾਫ ਸਮੇਂ ਸਿਰ ਕਾਰਵਾਈ ਕਰੇ ਤਾਂ ਕਈ ਨੌਜਵਾਨਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਰਣਬੀਰ ਨੇ ਦੱਸਿਆ ਕਿ ਉਸਦੇ ਲੜਕੇ ਦਾ ਹਾਲੇ ਵਿਆਹ ਵੀ ਨਹੀਂ ਹੋਇਆ ਸੀ।