ਨਾਬਾਰਡ-28 ਪ੍ਰੋਜੈਕਟ ਅਧੀਨ 35.42 ਕਰੋੜ ਰੁਪਏ ਦੀ ਅੰਦਾਜਨ ਲਾਗਤ ਦੇ ਹੁਣ ਤੱਕ 16 ਕੰਮ ਅਲਾਟ: ਹਰਭਜਨ ਸਿੰਘ, ਈ.ਟੀ.ਓ.

ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰੰਗਲੇ ਪੰਜਾਬ ਦੀ ਸਿਰਜਣਾ ਹਿੱਤ ਸੂਬੇ ਦੇ ਸੜਕੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੜਕੀ ਸੰਪਰਕ ਨੂੰ ਬੇਹਤਰੀਨ ਬਨਾਉਣ ਲਈ ਨਾਬਾਰਡ-28 ਪ੍ਰੋਜੈਕਟ ਅਧੀਨ 24 ਪੁਲਾਂ ਦੇ ਕੰਮ 60 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਮੰਜ਼ੂਰ ਕੀਤੇ ਗਏ ਹਨ।

ਅੱਜ ਇਹ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪ੍ਰੋਜੈਕਟ ਤਹਿਤ ਪੇਂਡੂ ਖੇਤਰਾਂ ਵਿੱਚ ਨਵੇ ਪੁੱਲ ਅਤੇ ਲੋੜ ਅਨੁਸਾਰ ਪੁਰਾਣੇ ਪੁਲਾਂ ਦੀ ਥਾਂ ਨਵੇ ਪੁੱਲ ਉਸਾਰੇ ਜਾਣਗੇ। ਇਸ ਨਾਲ ਸਫ਼ਰ ਦੀ ਦੂਰੀ ਘੱਟਣ ਕਾਰਨ ਆਮ ਜਨਤਾ ਨੂੰ ਵਧੀਆ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਨਾਬਾਰਡ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਕੇ ਪੇਂਡੂ ਸੜਕਾਂ ਦੀ ਅਪਗ੍ਰੇਡੇਸ਼ਨ ਦਾ ਇਹ  ਕੰਮ ਉਲੀਕਿਆ ਗਿਆ ਹੈ।
ਪ੍ਰੋਜੈਕਟ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਹੁਣ ਤੱਕ 16 ਕੰਮਾਂ ਨੂੰ ਈ-ਟੈਂਡਰਾਂ ਰਾਹੀਂ ਪਾਰਦਰਸ਼ੀ ਢੰਗ ਨਾਲ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਲਾਟ ਕੀਤੇ ਗਏ ਇੰਨ੍ਹਾਂ 16 ਕੰਮਾਂ ਦੀ ਅੰਦਾਜ਼ਨ ਲਾਗਤ 35.42 ਕਰੋੜ ਰੁਪਏ ਸੀ ਪਰ ਟੈਂਡਰ ਪ੍ਰਕ੍ਰਿਆ ਦੌਰਾਨ ਠੇਕੇਦਾਰਾਂ ਵਿਚਾਲੇ ਮੁਕਾਬਲੇ ਸਦਕਾ ਇਹ ਕੰਮ 29.95 ਕਰੋੜ ਰੁਪਏ ਵਿੱਚ ਅਲਾਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕੰਮਾਂ ਦੀ ਅਲਾਟਮੈਂਟ ਵਿੱਚ ਸਰਕਾਰ ਵੱਲੋਂ ਵਰਤੀ ਗਈ ਪਾਰਦਰਸ਼ਤਾ ਅਤੇ ਕੁਸ਼ਲ ਕਾਰਜ ਪ੍ਰਣਾਲੀ ਸਦਕਾ ਠੇਕਦਾਰਾਂ ਵਿੱਚ ਪੈਦਾ ਹੋਏ ਵਿਸ਼ਵਾਸ ਕਾਰਨ ਹੁਣ ਤੱਕ 5.47 ਕਰੋੜ ਰੁਪਏ (ਲਗਭਗ 15%) ਦੀ ਬਚਤ ਹੋਈ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਕੰਮਾਂ ਨੂੰ ਅਲਾਟ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਨਿਰਮਾਣ ਕਾਰਜਾਂ ਵਿੱਚ ਕਿਸੇ ਕਿਸਮ ਦੀ ਕੁਤਾਹੀ ਜਾਂ ਭ੍ਰਿਸ਼ਟਾਚਾਰ ਪ੍ਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਜ਼ੀਰੋ ਟੌਲਰੈਂਸ ਦਾ ਜਿਕਰ ਕਰਦਿਆਂ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਜਿੱਥੇ ਇਸ ਨੀਤੀ ਦੇ ਮੱਦੇਨਜਰ ਠੇਕੇਦਾਰਾਂ ਵਿੱਚ ਸਰਕਾਰੀ ਪ੍ਰਣਾਲੀ ਪ੍ਰਤੀ ਵਿਸ਼ਵਾਸ ਪੈਦਾ ਹੋਇਆ ਹੈ ਉਥੇ ਹੀ ਇਮਾਨਦਾਰ ਅਫਸਰਾਂ ਦੇ ਵੀ ਹੌਸਲੇ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਪੇਂਡੂ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਸੁਧਾਰ ਕਰਦਿਆਂ ਵਿਭਾਗ ਵੱਲੋਂ ਸੂਬੇ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
ਹੋਰ ਖ਼ਬਰਾਂ :-  ਬਰਨਾਲਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ

Leave a Reply

Your email address will not be published. Required fields are marked *