ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ ਹੈ।
ਕੁੱਲ 22.5 ਕਿਲੋ ਹੈਰੋਇਨ ਬਰਾਮਦ, ਗ੍ਰਿਫਤਾਰੀਆਂ ਦੀ ਗਿਣਤੀ ਹੋਈ 10 : ਡੀਜੀਪੀ ਗੌਰਵ ਯਾਦਵ
ਦੋਸ਼ੀ ਪਾਕਿਸਤਾਨ ਸਥਿਤ ਸਮੱਗਲਰਾਂ ਦੇ ਸੰਪਰਕ ਵਿੱਚ ਸਨ: ਸੀ.ਪੀ. ਗੁਰਪ੍ਰੀਤ ਭੁੱਲਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ 19 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਦੀ ਜ਼ੋਰਦਾਰ ਜਾਂਚ ਨੂੰ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਸੋਮਵਾਰ ਨੂੰ ਮੰਨੂ ਮਹਾਵਾ ਗਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ 3.5 ਹੋਰ ਕਿੱਲੋ. ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ ਹੁਣ 22.5 ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਫੜੇ ਗਏ ਵਿਅਕਤੀਆਂ ਦੀ ਪਛਾਣ ਬਲਰਾਜ ਸਿੰਘ ਉਰਫ ਕਾਕਾ ਵਾਸੀ ਪਿੰਡ ਲਾਹੌਰੀਮਾਲ, ਅੰਮ੍ਰਿਤਸਰ, ਅਨਮੋਲ ਸਿੰਘ ਉਰਫ ਲਾਲੂ ਅਤੇ ਸਰਬਜੀਤ ਸਿੰਘ ਦੋਵੇਂ ਵਾਸੀ ਰਾਂਝੇ ਦੀ ਹਵੇਲੀ, ਅੰਮ੍ਰਿਤਸਰ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 10 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਇਨ੍ਹਾਂ ਦੋਸ਼ੀਆਂ ਕੋਲੋਂ .30 ਬੋਰ ਦੇ 10 ਜਿੰਦਾ ਕਾਰਤੂਸ ਅਤੇ 9 ਐਮ.ਐਮ ਦੇ 9 ਜਿੰਦਾ ਕਾਰਤੂਸ ਸਮੇਤ ਇੱਕ ਕਾਰ (ਸਫਾਰੀ) ਵੀ ਬਰਾਮਦ ਕੀਤੀ ਹੈ।
ਇਹ ਕਾਰਵਾਈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਅਮਰੀਕਾ ਸਥਿਤ ਤਸਕਰ ਮਨਪ੍ਰੀਤ ਉਰਫ਼ ਮੰਨੂ ਮਹਾਵਾ ਵੱਲੋਂ ਚਲਾਏ ਜਾ ਰਹੇ ਸੀਮਾ ਪਾਰ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਤੋਂ ਕਰੀਬ ਇੱਕ ਹਫ਼ਤੇ ਬਾਅਦ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਰੈਕੇਟ ਖਿਲਾਫ ਕਾਰਵਾਈ ਕਰਦੇ ਹੋਏ ਪੁਲਸ ਨੇ ਦੋ ਮੁੱਖ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 19 ਕਿਲੋ ਹੈਰੋਇਨ, 23 ਲੱਖ ਰੁਪਏ ਦੀ ਡਰੱਗ ਮਨੀ, 9 ਐੱਮ.ਐੱਮ. ਦੀ ਗਲਾਕ ਸਮੇਤ 7 ਪਿਸਤੌਲ ਅਤੇ ਇਕ ਡਰੋਨ ਦੇ ਪੁਰਜ਼ੇ ਬਰਾਮਦ ਕੀਤੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਠੋਸ ਸੂਚਨਾ ਦੇ ਆਧਾਰ ‘ਤੇ ਥਾਣਾ ਸੁਲਤਾਨਵਿੰਡ ਦੇ ਇਲਾਕੇ ‘ਚ ਲੋੜੀਂਦੇ ਦੋਸ਼ੀ ਅਨਮੋਲ ਸਿੰਘ ਉਰਫ਼ ਲਾਲੂ ਨੂੰ ਸਾਥੀਆਂ ਸਮੇਤ ਡੀ.ਸੀ.ਪੀ.ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ. -3 ਅਭਿਮਨਿਊ ਰਾਣਾ, ਏ.ਸੀ.ਪੀ ਸਰਬਜੀਤ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼-3 ਦੀ ਪੁਲਿਸ ਟੀਮ ਨੇ ਵਿਸ਼ੇਸ਼ ਨਾਕਾਬੰਦੀ ਕਰਕੇ ਤਿੰਨੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ |
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਕਿਸਤਾਨ ਸਥਿਤ ਤਸਕਰ ਸ਼ਾਹ ਅਤੇ ਅਮਰੀਕਾ ਸਥਿਤ ਮੰਨੂ ਮਹਾਵਾ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਸਮੱਗਲਿੰਗ ਕਰਕੇ ਸੂਬੇ ਭਰ ਵਿੱਚ ਨਸ਼ੀਲੇ ਪਦਾਰਥਾਂ ਅਤੇ ਅਸਲੇ ਦੀ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਹ ਖੇਪ ਵੀ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਭੇਜੀ ਗਈ ਸੀ।
ਸੀ.ਪੀ. ਭੁੱਲਰ ਨੇ ਦੱਸਿਆ ਕਿ ਡਰੱਗ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦੇ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਨ੍ਹਾਂ ਦੇ ਅਗਲੇ-ਤੋਂ-ਆਖਰੀ ਸਬੰਧਾਂ ਦਾ ਪਤਾ ਲਗਾ ਕੇ ਸਹੀ ਸਿੱਟੇ ‘ਤੇ ਪਹੁੰਚਿਆ ਜਾ ਸਕੇ।
ਇਸ ਸਬੰਧ ਵਿੱਚ, ਇੱਕ ਐਫਆਈਆਰ ਨੰਬਰ 298 ਮਿਤੀ 31/12/2023 ਨੂੰ ਪੁਲਿਸ ਸਟੇਸ਼ਨ ਇਸਲਾਮਾਬਾਦ ਵਿੱਚ ਪਹਿਲਾਂ ਹੀ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਦਰਜ ਕੀਤਾ ਗਿਆ ਹੈ।