ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਜੰਡਿਆਲਾ ਗੁਰੂ ਵਿਖੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪ ਦਾ ਜਾਇਜ਼ਾ ਲੈਂਦੇ ਕਿਹਾ ਕਿ ਮੈਨੂੰ ਅੱਜ ਇਸ ਗੱਲ ਦੀ ਅਥਾਹ ਖੁਸ਼ੀ ਹੋਈ ਹੈ ਕਿ ਲੋਕਾਂ ਦੇ ਕੰਮ ਕਰਨ ਲਈ ਸਾਰੇ ਦਫ਼ਤਰ ਇਕ ਥਾਂ ਬੈਠੇ ਹਨ ਅਤੇ ਲੋਕਾਂ ਦੇ ਕੰਮ ਮੌਕੇ ਉਤੇ ਹੋ ਰਹੇ ਹਨ। ਉਨਾਂ ਕਿਹਾ ਕਿ ਇੰਨਾ ਕੰਮਾਂ ਲਈ ਵੱਡੀ ਖੱਜ਼ਲ ਖੁਆਰੀ ਲੋਕਾਂ ਦੀ ਹੁੰਦੀ ਸੀ, ਪਰ ਅੱਜ ਇਹ ਕੰਮ ਬਿਨਾਂ ਕੋਈ ਪੈਸੇ ਤੇ ਧੱਕੇ ਖਾਧੇ ਹੋ ਰਹੇ ਹਨ, ਜੋ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵੱਡਾ ਉਪਰਾਲਾ ਹੈ। ਉਨਾਂ ਮੁੱਖ ਮੰਤਰੀ ਸ ਮਾਨ ਵੱਲੋਂ ਕੀਤੇ ਜਾ ਰਹੇ ਐਲਾਨ, ਜਿਸ ਵਿਚ ਰਜਿਸਟਰੀਆਂ ਲਈ ਐਨ ਓ ਸੀ ਨਹੀਂ ਰਹੇਗੀ, ਦਾ ਸਵਾਗਤ ਕਰਦੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਵਾਲਾ ਫੈਸਲਾ ਹੈ, ਜਿਸ ਨਾਲ ਤਹਿਸੀਲਾਂ ਤੇ ਹੋਰ ਦਫਤਰਾਂ ਵਿਚ ਹੁੰਦਾ ਭ੍ਰਿਸ਼ਟਾਚਾਰ ਰੁੱਕ ਜਾਵੇਗਾ।
ਉਨਾਂ ਇਸ ਮੌਕੇ ਕੈਂਪ ਵਿਚ ਚੱਲ ਰਹੇ ਇਕੱਲੇ ਇਕੱਲੇ ਕਾਊਂਟਰ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿਠ ਥਾਪੜਦੇ ਉਨਾਂ ਨੂੰ ਲੋਕ ਸੇਵਾ ਲਈ ਪ੍ਰੇਰਿਤ ਕੀਤਾ। ਸ. ਹਰਭਜਨ ਸਿੰਘ ਕੈਬਨਿਟ ਮੰਤਰੀ ਨੇ ਇਲਾਕੇ ਦੇ ਕੰਮ ਕਰਵਾਉਣ ਆਏ ਲੋਕਾਂ ਨੂੰ ਮਿਲਕੇ ਉਨਾਂ ਦਾ ਕੈਂਪ ਪ੍ਰਤੀ ਨਜ਼ਰੀਆ ਵੀ ਜਾਣਿਆ। ਕੈਬਨਿਟ ਮੰਤਰੀ ਨੇ ਕਿਹਾ ਕਿ 43 ਤਰਾਂ ਦੀਆਂ ਵੱਖ-ਵੱਖ ਸੇਵਾਵਾਂ ਇੰਨਾ ਕੈਂਪਾਂ ਵਿਚ ਦਿੱਤੀਆਂ ਜਾ ਰਹੀਆਂ ਹਨ, ਉਹ ਵੀ ਲੋਕਾਂ ਦੇ ਬੂਹੇ ਉਤੇ ਜਾ ਕੇ ਮਿਲ ਰਹੀਆਂ ਹਨ। ਕੈਬਨਿਟ ਮੰਤਰੀ ਨੇ ਕੈਂਪ ਵਿਚ ਮੌਕੇ ਉਤੇ ਹੀ ਨਗਰ ਕੌਸ਼ਲ ਜੰਡਿਆਲਾ ਗੁਰੂ ਵੱਲੋਂ ਨੋ ਡਿਊ ਸਰਟੀਫਿਕੇਟ ਵੀ ਲੋਕਾਂ ਨੂੰ ਵੰਡੇ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਰ ਸ਼ਹਿਰ, ਹਰ ਵਾਰਡ, ਹਰ ਪਿੰਡ ਇੰਨਾ ਕੈਂਪਾਂ ਤਹਿਤ ਕਵਰ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਇੰਨਾ ਕੈਂਪਾਂ ਦਾ ਲਾਹਾ ਲੈਂਦੇ ਹੋਏ ਹਰ ਤਰਾਂ ਦੀ ਸੇਵਾ ਲਈ ਕੈਂਪਾਂ ਵਿਚ ਜਰੂਰ ਆਉਣ। ਇਸ ਮੌਕੇ ਹਲਕੇ ਦੇ ਲੋਕਾਂ ਨੇ ਮਾਨ ਸਰਕਾਰ ਵੱਲੋਂ ਕੀਤੇ ਗਏ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜਿਸ ਤਰਾਂ ਦੇ ਵਾਅਦੇ ਲੋਕਾਂ ਨਾਲ ਕੀਤੇ ਸਨ, ਉਸ ਤਰਾਂ ਨਾਲ ਹੀ ਕੰਮ ਕਰ ਰਹੇ ਹਨ। ਇਸ ਮੌਕੇ ਪਾਰਟੀ ਦੇ ਆਗੂ ਸ੍ਰੀ ਨਰੇਸ਼ ਪਾਠਕ, ਸ ਛਨਾਖ ਸਿੰਘ ਚੇਅਰਮੈਨ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।