ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਰੀਵੀਊ ਮੀਟਿੰਗ ਕਰਦਿਆਂ ਅਧਿਕਾਰੀਆਂ ਨੂੰ ਅਣਵਰਤੇ ਫੰਡਾਂ ਨੂੰ ਵਿਕਾਸ ਕਾਰਜਾਂ ਤੇ ਤੁਰੰਤ ਖ਼ਰਚਣ ਦੇ ਦਿੱਤੇ ਨਿਰਦੇਸ਼

ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਮਿਉਂਸੀਪਲ ਕਮਿਸ਼ਨਰ ਲੁਧਿਆਣਾ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ ਤੋਂ ਇਲਾਵਾ ਨਗਰ ਨਿਗਮ/ਨਗਰ ਪੰਚਾਇਤ ਜਗਰਾਓਂ, ਖੰਨਾ, ਦੋਰਾਹਾ, ਮੁਲਾਂਪੁਰ ਦਾਖਾਂ, ਰਾਏਕੋਟ, ਸਾਹਨੇਵਾਲ, ਸਮਰਾਲਾ, ਮਾਛੀਵਾੜਾ, ਪਾਇਲ ਅਤੇ ਮਲੋਦ ਦੇ ਕਾਰਜ ਸਾਧਕ ਅਫਸਰਾਂ ਨਾਲ ਵਿਕਾਸ ਕਾਰਜਾਂ ਸਬੰਧੀ ਰੀਵੀਊ ਮੀਟਿੰਗ ਕਰਦਿਆਂ, ਅਧਿਕਾਰੀਆਂ ਨੂੰ ਅਣਵਰਤੇ ਫੰਡਾਂ ਨੂੰ ਤੁਰੰਤ ਖ਼ਰਚਣ ਦੇ  ਨਿਰਦੇਸ਼ ਦਿੱਤੇ।

ਅੱਜ ਇਥੇ ਮਿਉਂਸੀਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਅਧਿਕਾਰੀਆਂ ਨਾਲ਼ ਰੀਵੀਊ ਮੀਟਿੰਗ ਦੌਰਾਨ ਸਵੱਛ ਭਾਰਤ ਮਿਸ਼ਨ ਅਧੀਨ ਸੂਬੇ ਵਿੱਚ ਬਣ ਰਹੇ ਸੀਵਰੇਜ ਟਰੀਟਮੈਂਟ ਪਲਾਂਟਾਂ ਅਤੇ ਅਮਰੁਤ ਮਿਸ਼ਨ ਅਧੀਨ ਬਣ ਰਹੇ ਵਾਟਰ ਟਰੀਟਮੈਂਟ ਪਲਾਂਟਾਂ ਅਤੇ ਇਸ ਤੋਂ ਇਲਾਵਾ ਹੋਰ ਵਿਕਾਸ ਕਾਰਜਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕਰਦਿਆਂ, ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ।

ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਅੱਗੇ ਕਿਹਾ ਕਿ ਜਿਹਨਾਂ ਕੰਮਾਂ ਦੀ ਡੀ ਪੀ ਆਰ ਮੰਜੂਰ ਹੋ ਚੁੱਕੀ ਹੈ ਉਨ੍ਹਾਂ ਦਾ ਟੈਂਡਰ ਲਗਵਾਉਣ ਉਪਰੰਤ ਜਲਦ ਕੰਮ ਸ਼ੁਰੂ ਕੀਤਾ ਜਾਵੇ ਅਤੇ ਜਿਹਨਾਂ ਕੰਮਾਂ ਦੀ ਡੀਪੀਆਰ ਪ੍ਰਵਾਨ ਕਰਨ ਲਈ ਕਾਰਵਾਈ ਚਲ ਰਹੀ ਹੈ ਉਹਨਾਂ ਦੀ ਡੀਪੀਆਰ ਜਲਦ ਮੰਜ਼ੂਰ ਕਰਵਾਈ ਜਾਵੇ। ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਅਲਾਟ ਹੋਏ ਫੰਡਾਂ ਨੂੰ ਨਿਰਧਾਰਿਤ ਸਮਾਂ ਸੀਮਾਂ ਅੰਦਰ ਵਿਕਾਸ ਕਾਰਜਾਂ ’ਤੇ ਖ਼ਰਚ ਨਹੀਂ ਕੀਤਾ ਜਾਂਦਾ ਤਾਂ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਮੰਤਰੀ ਵੱਲੋਂ ਵੱਖ ਵੱਖ ਸਕੀਮਾਂ ਅਧੀਨ ਆਉਂਦੇ ਕੰਮਾਂ ਅਤੇ ਉਨ੍ਹਾਂ ਕੰਮਾਂ ਲਈ ਅਲਾਟ ਹੋਏ ਫੰਡਾਂ ਬਾਰੇ ਵਿਸਤ੍ਰਿਤ ਰੂਪ ਵਿੱਚ ਜਾਣਕਾਰੀ ਅਧਿਕਾਰੀਆਂ ਦੇ ਸਾਹਮਣੇ ਵਿਧਾਇਕਾਂ ਨਾਲ ਸਾਂਝੀ ਕੀਤੀ ਅਤੇ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਸਬੰਧੀ ਵਿਧਾਇਕਾਂ ਨਾਲ ਸਾਰੀ ਜਾਣਕਾਰੀ ਸਾਂਝੀ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਆਮ ਜਨਤਾ ਦੀ ਜ਼ਰੂਰਤ ਮੁਤਾਬਿਕ ਵਿਕਾਸ ਕਾਰਜ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਸਭ ਦਾ ਉਦੇਸ਼ ਸੂਬੇ ਦਾ ਵਿਆਪਕ ਵਿਕਾਸ ਕਰਨਾ ਹੈ।

ਹੋਰ ਖ਼ਬਰਾਂ :-  ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ; ਚੋਣ ਪ੍ਰਕਿਰਿਆ ਬਾਰੇ ਕਰਵਾਇਆ ਜਾਣੂ

ਸਥਾਨਕ ਸਰਕਾਰਾਂ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਵੱਲ ਸਾਨੂੰ ਸਾਰਿਆਂ ਨੂੰ ਮਿਹਨਤ ਤੇ ਈਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਜੇਕਰ ਕਿਸੇ ਖ਼ੇਤਰੀ ਦਫਤਰ ਨੂੰ ਵਿਕਾਸ ਕਾਰਜਾਂ ਲਈ ਵਾਧੂ ਫੰਡਾਂ ਦੀ ਜ਼ਰੂਰਤ ਹੋਵੇ ਤਾਂ ਉਹ ਐਕਸ਼ਨ ਪਲਾਨ ਸਮੇਤ ਮੁਕੰਮਲ ਤਜਵੀਜ਼ ਮੁੱਖ ਦਫਤਰ ਨੂੰ ਭੇਜਣ।

ਇਸ ਮੌਕੇ ਵਿਧਾਇਕਾਂ ਵਿੱਚ ਮਦਨ ਲਾਲ ਬੱਘਾ, ਰਾਜਿੰਦਰਪਾਲ ਕੌਰ ਛੀਨਾ, ਦਲਜੀਤ ਸਿੰਘ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਸਰਵਜੀਤ ਕੌਰ ਮਾਨੁਕੇ, ਜਗਤਾਰ ਸਿੰਘ ਦਿਆਲਪੁਰਾ, ਹਰਦੀਪ ਸਿੰਘ ਮੁੰਡੀਅਨ, ਤਰਨਪ੍ਰੀਤ ਸਿੰਘ ਸੋਂਡ, ਮਨਵਿੰਦਰ ਸਿੰਘ ਗਿਆਸਪੁਰਾ, ਹਾਕਮ ਸਿੰਘ ਠੇਕੇਦਾਰ ਤੋਂ ਇਲਾਵਾ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀ ਈ ਓ ਮਾਲਵਿੰਦਰ ਸਿੰਘ ਜੱਗੀ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ, ਮਿਉਂਸੀਪਲ ਕਮਿਸ਼ਨਰ, ਲੁਧਿਆਣਾ,  ਵਧੀਕ ਡਿਪਟੀ ਕਮਿਸ਼ਨਰ, ਲੁਧਿਆਣਾ, ਮੁੱਖ ਦਫ਼ਤਰ ਦੇ ਸੀਨੀਅਰ ਅਧਿਕਾਰੀ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਲਾਂਪੁਰ ਦਾਖਾਂ ਅਤੇ ਨਗਰ ਨਿਗਮ/ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰ ਹਾਜ਼ਰ ਸਨ।

dailytweetnews.com

Leave a Reply

Your email address will not be published. Required fields are marked *