ਪੰਜਾਬ ਪੁਲਿਸ ਵੱਲੋਂ ਅਮਰੀਕਾ ਅਧਾਰਤ ਸਰਵਣ ਸਿੰਘ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼; 12 ਕਿਲੋ ਹੈਰੋਇਨ ਸਮੇਤ ਇੱਕ ਕਾਬੂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ ਇੱਕ ਵਿਅਕਤੀ ਦੇ ਕਬਜ਼ੇ ਵਿੱਚੋਂ 12 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਅਮਰੀਕਾ ਅਧਾਰਤ ਤਸਕਰ ਸਰਵਣ ਸਿੰਘ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਦਿੱਤੀ। 

ਜ਼ਿਕਰਯੋਗ ਹੈ ਕਿ ਸਰਵਣ ਸਿੰਘ, ਜਿਸ ਦੀ ਗ੍ਰਿਫਤਾਰੀ ‘ਤੇ 2 ਲੱਖ ਰੁਪਏ ਦਾ ਇਨਾਮ ਹੈ, ਨਾਮੀ ਨਸ਼ਾ ਤਸਕਰ ਰਣਜੀਤ ਉਰਫ ਚੀਤਾ ਦਾ ਭਰਾ ਹੈ ਅਤੇ 532 ਕਿਲੋ ਹੈਰੋਇਨ ਦੇ ਮਾਮਲੇ ‘ਚ ਲੋੜੀਂਦਾ ਹੈ। ਜ਼ਿਕਰਯੋਗ ਹੈ ਕਿ ਰਣਜੀਤ ਉਰਫ ਚੀਤਾ ਨੂੰ ਵੀ 532 ਕਿਲੋ ਹੈਰੋਇਨ ਦੇ ਮਾਮਲੇ ‘ਚ ਮਈ 2020 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਰਣਜੀਤ ਚੀਤਾ ਜੁਲਾਈ 2019 ਵਿੱਚ ਆਈਸੀਪੀ ਅਟਾਰੀ ਵਿਖੇ ਕਸਟਮ ਵਿਭਾਗ ਦੁਆਰਾ ਜ਼ਬਤ ਕੀਤੀ ਗਈ ਹੈਰੋਇਨ ਦੇ 532 ਪੈਕੇਟ ਦੀ ਤਸਕਰੀ ਦਾ ਮਾਸਟਰਮਾਈਂਡ ਸੀ ਅਤੇ ਜਿਸ ਦੀ ਐਨਆਈਏ ਦੁਆਰਾ ਜਾਂਚ ਕੀਤੀ ਜਾ ਰਹੀ ਹੈ। 

ਫੜੇ ਗਏ ਨਸ਼ਾ ਤਸਕਰ ਦੀ ਪਛਾਣ ਅੰਮ੍ਰਿਤਸਰ ਦੇ ਨਰਾਇਣਗੜ੍ਹ ਦੇ ਵਾਸੀ ਰਾਹੁਲ ਵਜੋਂ ਹੋਈ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਸਦੀ ਹੌਂਡਾ ਅਮੇਜ਼ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ ਵਿੱਚ ਉਹ ਸਫ਼ਰ ਕਰ ਰਿਹਾ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਜਾਣਕਾਰੀ ਮਿਲਣ ਉਪਰੰਤ ਸਰਵਣ ਸਿੰਘ ਦੇ ਸਾਥੀਆਂ ਨੇ ਡਰੋਨ ਰਾਹੀਂ ਸੁੱਟੀ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਇਸ ਨੂੰ ਕਿਸੇ ਹੋਰ ਵਿਅਕਤੀ ਨੂੰ ਪਹੁੰਚਾਉਣ ਜਾ ਰਹੇ ਹਨ, ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਨੇ ਅੰਮ੍ਰਿਤਸਰ ਸ਼ਹਿਰ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਪੁਲਿਸ ਚੈਕਿੰਗ ਕੀਤੀ ਅਤੇ ਦੋਸ਼ੀ ਰਾਹੁਲ ਨੂੰ ਉਸਦੀ ਹੌਂਡਾ ਅਮੇਜ਼ ਕਾਰ ਵਿੱਚੋਂ 12 ਪੈਕੇਟ ਹੈਰੋਇਨ, ਜਿਹਨਾਂ ਦਾ ਵਜ਼ਨ 1-1 ਕਿਲੋ ਹੈ, ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਹੋਰ ਖ਼ਬਰਾਂ :-  “ਆਪ ਦੀ ਸਰਕਾਰ ਆਪ ਦੇ ਦੁਆਰ” - ਮੁਹਿੰਮ ਤਹਿਤ 7 ਫ਼ਰਵਰੀ ਨੂੰ 17 ਥਾਵਾਂ ਤੇ ਲਗਾਏ ਜਾਣਗੇ ਸਪੈਸ਼ਲ ਕੈਂਪ: ਜਸਪ੍ਰੀਤ ਸਿੰਘ

ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਦੋਸ਼ੀ ਵਿਅਕਤੀ ਸਿੱਧੇ ਤੌਰ ‘ਤੇ ਅਮਰੀਕਾ ਅਧਾਰਤ ਤਸਕਰ ਸਰਵਣ ਸਿੰਘ ਦੇ ਸੰਪਰਕ ਵਿੱਚ ਸੀ ਅਤੇ ਪਾਕਿਸਤਾਨ ਤੋਂ ਹੈਰੋਇਨ ਤਸਕਰੀ ਕਰਕੇ ਸੂਬੇ ਭਰ ਵਿੱਚ ਸਪਲਾਈ ਕਰਦਾ ਸੀ।

ਹੋਰ ਵੇਰਵੇ ਸਾਂਝੇ ਕਰਦਿਆਂ, ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮਾਂ ਦੇ ਅਗਲੇ ਤੇ ਪਿਛਲੇ ਸਬੰਧਾਂ ਬਾਰੇ ਪਤਾ ਲਗਾਉਣ ਅਤੇ ਡਰੱਗ ਸਪਲਾਇਰਾਂ, ਡੀਲਰਾਂ ਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵੱਲੋਂ ਹੁਣ ਤੱਕ ਖਰੀਦੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਇਸ ਸਬੰਧੀ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21, 25 ਅਤੇ 29 ਅਧੀਨ ਪੁਲਿਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਨੰ. 44 ਮਿਤੀ 22.10.2023 ਨੂੰ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *