ਮੀਤ ਹੇਅਰ ਨੇ ਜ਼ਮੀਨੀ ਪੱਧਰ ‘ਤੇ ਖਿਡਾਰੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਤਰਾਸ਼ਣ ਉਤੇ ਦਿੱਤਾ ਜ਼ੋਰ

MEET HAYER

ਸਾਰੇ ਸੂਬੇ ਦੂਜੇ ਰਾਜਾਂ ਵਿੱਚ ਚੱਲ ਰਹੇ ਨਵੇਂ ਉੱਦਮਾਂ ਤੋਂ ਸਿੱਖ ਕੇ ਪ੍ਰੇਰਨਾ ਲੈਣ: ਮੀਤ ਹੇਅਰ

ਮੀਤ ਹੇਅਰ ਨੇ ਖੇਡ ਮੰਤਰੀਆਂ ਦੀ ਕੌਮੀ ਕਾਨਫਰੰਸ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਦੀ ਉਦਾਹਰਨ ਦਿੰਦਿਆਂ ਪੰਜਾਬੀਆਂ ਦੀ ਅਥਾਹ ਸਮਰੱਥਾ ਦਾ ਜ਼ਿਕਰ ਕੀਤਾ

ਪੰਜਾਬ ਦੇ ਖੇਡ ਮੰਤਰੀ ਨੇ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਇੰਫਾਲ ਦਾ ਵੀ ਕੀਤਾ ਦੌਰਾ

ਇੰਫਾਲ/ਚੰਡੀਗੜ੍ਹ, 25 ਅਪਰੈਲ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੇਸ਼ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਅੱਗੇ ਲਿਜਾਣ ਲਈ ਜ਼ਮੀਨੀ ਪੱਧਰ ਉੱਤੇ ਖਿਡਾਰੀਆਂ ਦੀ ਭਾਲ ਕਰਕੇ ਉਨ੍ਹਾਂ ਦੀ ਪ੍ਰਤਿਭਾ ਨਿਖਾਰਨ ਦੀ ਗੱਲ ਕਹੀ। ਇਸ ਦੇ ਨਾਲ ਹੀ ਸਹੀ ਪ੍ਰਤਿਭਾ ਨੂੰ ਅੱਗੇ ਲਿਆਉਣ ਲਈ ਟਰਾਇਲਾਂ ਦਾ ਦਾਇਰਾ ਅਤੇ ਸਮਾਂ ਵਧਾਉਣ ਉੱਤੇ ਵੀ ਜ਼ੋਰ ਦਿੱਤਾ।  

ਮੀਤ ਹੇਅਰ ਨੇ ਇੰਫਾਲ ਵਿਖੇ ਕੇਂਦਰੀ ਖੇਡ ਮੰਤਰਾਲੇ ਤੇ ਮਨੀਪੁਰ ਸਰਕਾਰ ਵੱਲੋਂ ਦੇਸ਼ ਦੇ ਸਮੂਹ ਸੂਬਿਆਂ/ਯੂ.ਟੀਜ਼ ਦੇ ਖੇਡ ਮੰਤਰੀਆਂ ਦੀ ਕਰਵਾਈ ਜਾ ਰਹੀ ਦੋ ਰੋਜ਼ਾ ਕੌਮੀ ਕਾਨਫਰੰਸ ਦੌਰਾਨ ਬੋਲਦਿਆਂ ਵੱਖ-ਵੱਖ ਸੂਬਿਆਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੀਤੀਆਂ ਨਿਵੇਕਲੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਦਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਕ-ਦੂਜੇ ਤੋਂ ਪ੍ਰੇਰਨਾ ਲੈ ਕੇ ਸਭ ਨੂੰ ਇਕੱਠਿਆਂ ਅੱਗੇ ਵਧਣਾ ਚਾਹੀਦਾ ਹੈ।ਇਸ ਸੈਸ਼ਨ ਦੌਰਾਨ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੀਤ ਹੇਅਰ ਵੱਲੋਂ ਚੁੱਕੇ ਮਾਮਲਿਆਂ ਦੀ ਪ੍ਰੋੜਤਾ ਕਰਦਿਆਂ ਟੇਲੈਂਟ ਹੰਟ ਪ੍ਰੋਗਰਾਮ ਨੂੰ ਹੁਲਾਰਾ ਦੇਣ ਦੀ ਗੱਲ ਕਹੀ।

ਮੀਤ ਹੇਅਰ ਨੇ ਪੰਜਾਬ ਦੇ ਅਥਲੀਟ ਅਕਸ਼ਦੀਪ ਸਿੰਘ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜਿਹੜਾ ਅਥਲੀਟ ਫ਼ੌਜ ਵਿੱਚ ਭਰਤੀ ਕਰਨ ਲਈ ਦੌੜਨ ਆਇਆ ਸੀ, ਉਸ ਨੂੰ ਕੋਚ ਨੇ ਪਛਾਣ ਕੇ ਅਜਿਹਾ ਤਰਾਸ਼ਿਆ ਕਿ ਹੁਣ ਓਲੰਪਿਕਸ ਲਈ ਕੁਆਲੀਫਾਈ ਹੋ ਗਿਆ। ਬਿਹਾਰ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਖੇਡ ਟਰਾਇਲਾਂ ਨੂੰ ਵੀ ਇਕ ਦਿਨ ਦੀ ਬਜਾਏ ਮਹੀਨਾ ਭਰ ਚਲਾਇਆ ਜਾ ਰਿਹਾ ਹੈ ਤਾਂ ਜੋ ਅਸਲ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਏ।

ਹੋਰ ਖ਼ਬਰਾਂ :-  ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਦਾ ਦੌਰਾ

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਓਲੰਪਿਕਸ ਸਮੇਤ ਵੱਡੇ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਜ਼ਮੀਨੀ ਪੱਧਰ ਉਤੇ ਧਿਆਨ ਦੇਣਾ ਪਵੇਗਾ।ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵੱਲੋਂ ਨੈਸ਼ਨਲ ਮੈਡਲ ਜੇਤੂਆਂ ਨੂੰ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ ਤਹਿਤ ਇਕ ਸਾਲ ਲਈ 16000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ ਜਿਸ ਨਾਲ ਖਿਡਾਰੀ ਚੰਗੇ ਪ੍ਰਦਰਸ਼ਨ ਲਈ ਮੋਟੀਵੇਟ ਹੋਣਗੇ।

ਮੀਤ ਹੇਅਰ ਨੇ ਪੰਜਾਬੀ ਖਿਡਾਰੀਆਂ ਦੀ ਪ੍ਰਤਿਭਾ ਦੀ ਗੱਲ ਕਰਦਿਆਂ ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਦੀ ਉਦਾਹਰਨ ਦਿੱਤੀ ਜਿੱਥੇ ਕੈਨੇਡਾ ਤੇ ਇੰਗਲੈਂਡ ਵੱਲੋਂ ਮੈਡਲ ਜਿੱਤਣ ਵਾਲੇ ਪਹਿਲਵਾਨ ਅਮਰਵੀਰ ਸਿੰਘ ਢੇਸੀ ਤੇ ਮਨਧੀਰ ਸਿੰਘ ਕੂਨਰ ਪੰਜਾਬੀ ਮੂਲ ਦੇ ਸਨ ਅਤੇ ਪਾਕਿਸਤਾਨ ਦਾ ਮੈਡਲ ਜੇਤੂ ਵੀ ਲਹਿੰਦੇ ਪੰਜਾਬ ਦਾ ਸੀ।ਉਨ੍ਹਾਂ ਕਿਹਾ ਕਿ ਪੰਜਾਬੀਆਂ ਵਿੱਚ ਅਥਾਹ ਸਮਰੱਥਾ ਹੈ ਅਤੇ ਸੂਬਾ ਸਰਕਾਰ ਇਸੇ ਪ੍ਰਤਿਭਾ ਦੀ ਸ਼ਨਾਖ਼ਤ ਕਰਕੇ ਉੱਭਰਦੇ ਖਿਡਾਰੀਆਂ ਨੂੰ ਮੰਚ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ।

ਸੈਸ਼ਨ ਦੀ ਸਮਾਪਤੀ ਤੋਂ ਬਾਅਦ ਖੇਡ ਮੰਤਰੀ ਮੀਤ ਹੇਅਰ ਨੇ ਨੈਸ਼ਨਲ ਸਪੋਰਟਸ ਯੂਨੀਵਰਸਿਟੀ, ਇੰਫਾਲ ਦਾ ਦੌਰਾ ਵੀ ਕੀਤਾ ਜਿੱਥੇ ਖੇਡ ਸਾਇੰਸ ਦੇ ਖੇਤਰ ਵਿੱਚ ਨਵੀਆਂ ਐਡਵਾਂਸਡ ਤਕਨੀਕਾਂ ਦੇਖੀਆਂ। ਸਪੋਰਟਸ ਸਾਇਕਾਲੌਜੀ ਲੈਬ ਵੀ ਦੇਖੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦੇ ਲਏ ਖੁਆਬ ਨੂੰ ਪੂਰਾ ਕਰਨ ਲਈ ਸਰਕਾਰ ਨਿਰੰਤਰ ਉਪਰਾਲੇ ਕਰ ਰਹੀ ਹੈ ਅਤੇ ਜਿੱਥੋਂ ਵੀ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ, ਉੱਥੋਂ ਸਿੱਖਿਆ ਜਾ ਰਿਹਾ ਹੈ। ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ ਵੀ ਹਾਜ਼ਰ ਸਨ।

Leave a Reply

Your email address will not be published. Required fields are marked *