ਸੀ.ਐਸ.ਆਰ. ਪਹਿਲਕਦਮੀ ਤਹਿਤ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਆਪਣੀ ਜ਼ਮੀਨ ‘ਤੇ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਫੋਕਲ ਪੁਆਇੰਟ ਲੁਧਿਆਣਾ ਵਿੱਚ 4 ਏਕੜ ਮਿਆਵਾਕੀ ਜੰਗਲ ਦਾ ਵਿਕਾਸ ਕਰੇਗੀ।
ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਨੇ ਅੱਜ ਇਸ ਸਾਈਟ ਦੇ ਵਿਕਾਸ ਕਾਰਜ਼ਾਂ ਲਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸੀਨੀਅਰ ਮੈਨੇਜਰ ਸੀ.ਐਸ.ਆਰ. ਅਤੇ ਪ੍ਰਸ਼ਾਸਨ ਅਮਿਤ ਧਵਨ ਨੂੰ ਇੱਕ ਪ੍ਰਵਾਨਗੀ ਪੱਤਰ ਸੌਂਪਿਆ।
ਧਵਨ ਨੇ ਦੱਸਿਆ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਪਹਿਲਾਂ ਹੀ ਲੁਧਿਆਣਾ ਵਿੱਚ ਸੱਤ ਏਕੜ ਵਿੱਚ ਤਿੰਨ ਜੰਗਲ ਵਿਕਸਤ ਕੀਤੇ ਹਨ ਅਤੇ ਇਸ ਦੇ ਵਾਈਸ ਚੇਅਰਮੈਨ ਸਚਿਤ ਜੈਨ ਅਤੇ ਕਾਰਜਕਾਰੀ ਨਿਰਦੇਸ਼ਕ ਸੌਮਿਆ ਜੈਨ ਅਤੇ ਆਰ.ਕੇ. ਰੇਵਾੜੀ ਦੁਆਰਾ ਕੀਤੀ ਗਈ ਵਚਨਬੱਧਤਾ ਤਹਿਤ ਅੱਗੇ ਲੁਧਿਆਣਾ ਦੇ ਫੋਕਲ ਪੁਆਇੰਟ ਅਤੇ ਅੰਮ੍ਰਿਤਸਰ ਅਤੇ ਜ਼ੀਰਕਪੁਰ ਵਿੱਚ ਵੀ ਮਿਆਵਾਕੀ ਜੰਗਲ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜੰਗਲਾਂ ਨੂੰ ਮਾਹਿਰਾਂ ਦੀ ਮਦਦ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਜੰਗਲਾਂ ਵਿੱਚ ਪ੍ਰਤੀ ਏਕੜ 10,000 ਰੁੱਖਾਂ ਦੇ ਨਾਲ ਲਗਪਗ 53 ਕਿਸਮਾਂ ਦੇ ਪੌਦੇ ਲਗਾਏ ਜਾਂਦੇ ਹਨ। ਧਵਨ ਨੇ ਵਾਤਾਵਰਣ ਦੀ ਸਥਿਰਤਾ ਲਈ ਅਜਿਹੇ ਜੰਗਲਾਂ ਨੂੰ ਵਿਕਸਤ ਕਰਨ ਵਿੱਚ ਮਦਦ ਕਰਨ ਲਈ ਪੰਜਾਬ ਸਰਕਾਰ ਅਤੇ ਨਗਰ ਨਿਗਮ ਕਮਿਸ਼ਨਰ ਦਾ ਵੀ ਧੰਨਵਾਦ ਕੀਤਾ।