ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਹਾਇਕ ਰਜਿਸਟਰਾਰ, ਪੰਜਾਬ ਸਹਿਕਾਰਤਾ ਵਿਭਾਗ, ਖਰੜ, ਜਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਦਫਤਰ ਵਿੱਚ ਤਾਇਨਾਤ ਸੀਨੀਅਰ ਸਹਾਇਕ ਰਜਿੰਦਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਮੁਲਾਜ਼ਮ ਰਜਿੰਦਰ ਸਿੰਘ, ਵਾਸੀ ਗਾਰਡਨ ਕਲੋਨੀ, ਖਰੜ ਨੂੰ ਸ਼ਿਕਾਇਤਕਰਤਾ ਜਸਪਾਲ ਸਿੰਘ ਵਾਸੀ ਪਿੰਡ ਬਗਿੰਡੀ, ਤਹਿਸੀਲ ਖਰੜ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਪਿੰਡ ਸਿਉਂਕ, ਤਹਿਸੀਲ ਖਰੜ ਦੀ ਦੁੱਧ ਇਕੱਤਰਨ ਸੁਸਾਇਟੀ ਵਿੱਚ ਸਕੱਤਰ ਵਜੋਂ ਕੰਮ ਕਰ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਮੁਲਜ਼ਮ ਰਜਿੰਦਰ ਸਿੰਘ ਪਿੰਡ ਸਿਉਂਕ ਦੀ ਉਕਤ ਦੁੱਧ ਇਕੱਤਰਨ ਸੋਸਾਇਟੀ ਦੀ ਚੋਣ ਸਬੰਧੀ ਫਾਈਲ ਕਲੀਅਰ ਕਰਨ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ, ਜੋ ਕਿ ਉਸ ਦੇ ਦਫ਼ਤਰ ਵਿੱਚ ਵਿਚਾਰ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਉਡਣ ਦਸਤਾ ਯੂਨਿਟ ਨੇ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਕਰਮਚਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਉਕਤ ਕਰਮਚਾਰੀ ਖਿਲਾਫ ਥਾਣਾ ਉਡਣ ਦਸਤਾ-1, ਪੰਜਾਬ, ਐਸ.ਏ.ਐਸ. ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।