ਪ੍ਰੈਸ ਨੋਟ-1
ਮੁੱਖ ਮੰਤਰੀ ਦਫ਼ਤਰ, ਪੰਜਾਬ
ਨਸ਼ਿਆਂ ਦਾ ਲੱਕ ਤੋੜਨ ਲਈ ਮੁੱਖ ਮੰਤਰੀ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਹੋਈ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ
25000 ਤੋਂ ਵੱਧ ਨੌਜਵਾਨਾਂ ਨੇ ਵਿਸ਼ਾਲ ਰੈਲੀ ਵਿੱਚ ਸ਼ਿਰਕਤ ਕਰਕੇ ਦਿੱਤਾ ਨਸ਼ਿਆਂ ਖਿਲਾਫ਼ ਸੁਨੇਹਾ
ਲੁਧਿਆਣਾ, 16 ਨਵੰਬਰ
ਇਕ ਇਤਿਹਾਸਕ ਉਪਰਾਲਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਅੱਜ ਪੰਜਾਬ ਪੁਲਿਸ ਵੱਲੋਂ ਇੱਥੇ ਕੱਢੀ ਗਈ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਨਸ਼ਿਆਂ ਦਾ ਲੱਕ ਤੋੜਨ ਦਾ ਸੁਨੇਹਾ ਦਿੱਤਾ।
ਇਸ ਰੈਲੀ ਵਿੱਚ ਹਰੇਕ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤਾਂ ਕਿ ਪੰਜਾਬ ਨੂੰ ਮੁਕੰਮਲ ਤੌਰ ਉਤੇ ਨਸ਼ਾ ਮੁਕਤ ਸੂਬਾ ਬਣਾਉਣ ਦੇ ਸੰਦੇਸ਼ ਦਾ ਪਾਸਾਰ ਕੀਤਾ ਜਾ ਸਕੇ। ਰੈਲੀ ਵਿੱਚ ਪਹੁੰਚੇ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਪੁੱਟ ਕੇ ਆਪਣੇ ਸੂਬੇ ਨੂੰ ਖੁਸ਼ਹਾਲ ਤੇ ਸਿਹਤਮੰਦ ਸੂਬਾ ਬਣਾਉਣ ਦਾ ਉਤਸ਼ਾਹ ਦੇਖਣਾ ਬਣਦਾ ਸੀ। ਇਸ ਉਪਰਾਲੇ ਰਾਹੀਂ ਪੰਜਾਬ ਪੁਲਿਸ ਖਾਸ ਕਰਕੇ ਸੂਬਾ ਸਰਕਾਰ ਦੀ ਗੰਭੀਰ ਸਮਾਜਿਕ ਮਸਲਿਆਂ ਪ੍ਰਤੀ ਵਚਨਬੱਧਤਾ ਵੀ ਸਾਬਤ ਹੁੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਮਕਸਦ ਨਸ਼ਿਆਂ ਦੀ ਸਮੱਸਿਆ ਉਤੇ ਕਾਬੂ ਪਾਉਣਾ ਅਤੇ ਸਿਹਤਮੰਦ ਤੇ ਸਥਿਰ ਜੀਵਨ ਵਜੋਂ ਸਾਈਕਲ ਦੀ ਸਵਾਰੀ ਨੂੰ ਉਭਾਰਨਾ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਨਸ਼ਿਆਂ ਦੇ ਗੰਭੀਰ ਸਿੱਟਿਆਂ ਅਤੇ ਨਸ਼ੇ ਤੋਂ ਮੁਕਤ ਜੀਵਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਕੇ ਨਸ਼ਿਆਂ ਦੀ ਮੰਗ ਘਟਾਉਣ ਵਿੱਚ ਅਹਿਮ ਜ਼ਰੀਆ ਸਾਬਤ ਹੋਵੇਗੀ। ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਮੌਕੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰੈਲੀ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਕਿਉਂਕਿ ਇਤਫਾਕਵੱਸ ਇਹ ਰੈਲੀ ਦੇਸ਼ ਦੇ ਸਭ ਤੋਂ ਨੌਜਵਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਈ ਗਈ ਹੈ ਜਿਸ ਨੇ 19 ਸਾਲ ਦੀ ਉਮਰ ਵਿੱਚ ਜੀਵਨ ਵਤਨ ਦੇ ਲੇਖੇ ਲਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ 16 ਨਵੰਬਰ ਦਾ ਦਿਹਾੜਾ ਉਨ੍ਹਾਂ ਦੀ ਸ਼ਹਾਦਤ ਦੀ ਭਾਵੁਕ ਯਾਦ ਦਿਵਾਉਂਦਾ ਹੈ ਅਤੇ ਅੱਜ ਦੇ ਇਸ ਇਤਿਹਾਸਕ ਦਿਹਾੜੇ ਨੇ ਸਮਾਗਮ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਨੇਕ ਇਰਾਦੇ ਨਾਲ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸਾਈਕਲ ਸਵਾਰਾਂ ਨੇ ਵੱਖ-ਵੱਖ ਪਵਿੱਤਰ ਥਾਵਾਂ ਦੀ ਯਾਤਰਾ ਕੀਤੀ। ਹਰੇਕ ਥਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਹੈ।