ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅਧਿਕਾਰੀਆਂ ਨੂੰ ਹਲਵਾਰਾ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਾਰੇ ਬਕਾਇਆ ਕਾਰਜ਼ਾਂ ਨੂੰ 31 ਜੁਲਾਈ ਤੱਕ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਲੋਕ ਨਿਰਮਾਣ ਵਿਭਾਗ, ਪਬਲਿਕ ਹੈਲਥ, ਏ.ਏ.ਆਈ., ਐਨ.ਐਚ.ਏ.ਆਈ., ਡਰੇਨੇਜ ਦੇ ਅਧਿਕਾਰੀਆਂ ਅਤੇ ਠੇਕੇਦਾਰੀ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਕੈਂਪਸ ਵਿੱਚ ਐਪਰਨ ਅਤੇ ਟੈਕਸੀਵੇਅ ਬਣਾਉਣ ਦੀ ਰਫਤਾਰ ਨੂੰ ਤੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਇਨ੍ਹਾਂ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੰਦਰੂਨੀ ਸੜਕਾਂ ਦੇ ਨਿਰਮਾਣ, ਜਨਤਕ ਸਿਹਤ ਸੇਵਾਵਾਂ, ਕੈਂਪਸ ਲਾਈਟਿੰਗ, ਟਰਮੀਨਲ ਬਿਲਡਿੰਗ, ਸਬ ਸਟੇਸ਼ਨ, ਟਾਇਲਟ ਬਲਾਕ ਅਤੇ ਪਾਰਕਿੰਗ ਸਮੇਤ ਕੰਮ ਮੁਕੰਮਲ ਹੋ ਗਏ ਹਨ।
ਡਿਪਟੀ ਕਮਿਸ਼ਨਰ ਵੱਲੋਂ ਸ਼ੁੱਕਰਵਾਰ ਨੂੰ ਆਈ.ਏ.ਐਫ. ਨਾਲ ਸਾਈਟ ‘ਤੇ ਸਾਂਝੀ ਮੀਟਿੰਗ ਕੀਤੀ ਸੀ ਅਤੇ ਸੁਰੱਖਿਆ ਚਿੰਤਾਵਾਂ ਨੂੰ ਸੰਤੁਲਿਤ ਕਰਦੇ ਹੋਏ ਸਾਰੀਆਂ ਏਜੰਸੀਆਂ ਵਿਚਕਾਰ ਤਾਲਮੇਲ ਦੇ ਯਤਨ ਤੇਜ਼ ਕੀਤੇ ਜਾ ਰਹੇ ਸਨ। ਉਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਇਹ ਵੀ ਕਿਹਾ ਕਿ ਉਹ ਬਾਕੀ ਰਹਿੰਦੇ ਕੰਮਾਂ ਨੂੰ ਮੁਕੰਮਲ ਕਰਨ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾਵੇ।
ਉਨ੍ਹਾਂ ਇਮਾਰਤ ਦੀ ਸੁਰੱਖਿਆ ਅਤੇ ਢਾਂਚਾਗਤ ਅਖੰਡਤਾ ਨੂੰ ਲੈ ਕੇ ਪੀ.ਡਬਲਯੂ.ਡੀ. ਦੇ ਅਧਿਕਾਰੀਆਂ ਅਤੇ ਕੰਟਰੈਕਟ ਫਰਮ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਮੌਸਮ ਦੀਆਂ ਅਸਥਿਰਤਾਵਾਂ ਦਾ ਸਾਮ੍ਹਣਾ ਕਰ ਸਕਣ। ਉਨ੍ਹਾਂ ਮੁਲਾਂਕਣ ਅਧਿਐਨ ਕਰਨ ਤੋਂ ਬਾਅਦ ਸੁਰੱਖਿਆ ਸਰਟੀਫਿਕੇਟ ਜਮ੍ਹਾ ਕਰਨ ਦੇ ਆਦੇਸ਼ ਵੀ ਦਿੱਤੇ।
ਡਿਪਟੀ ਕਮਿਸ਼ਨਰ ਸਾਹਨੀ ਨੇ ਏਅਰਪੋਰਟ ਦੇ ਸ਼ੁਰੂ ਹੋਣ ‘ਤੇ ਬੇਸ ਨੂੰ ਸਾਹਨੇਵਾਲ ਤੋਂ ਹਲਵਾਰਾ ਸ਼ਿਫਟ ਕਰਨ ਦੇ ਸਬੰਧ ਵਿੱਚ ਏ.ਏ.ਆਈ. ਦੇ ਅਧਿਕਾਰੀਆਂ ਨਾਲ ਸੰਚਾਲਨ ਤਿਆਰੀ ਪ੍ਰੋਟੋਕੋਲ ਅਤੇ ਚੈਕਲਿਸਟਾਂ ਬਾਰੇ ਵੀ ਚਰਚਾ ਕੀਤੀ।
ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਹਵਾਈ ਅੱਡਾ ਇੱਕ ਆਰਥਿਕ ਉਤਪ੍ਰੇਰਕ ਹੋਵੇਗਾ ਜੋ ਉਦਯੋਗਿਕ ਵਿਕਾਸ, ਨਿਰਯਾਤ, ਰੁਜ਼ਗਾਰ, ਰੀਅਲ ਅਸਟੇਟ ਅਤੇ ਹੋਰਾਂ ਨੂੰ ਹੁਲਾਰਾ ਦੇਵੇਗਾ।