ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਮਵਾਰ ਨੂੰ ਸੂਬੇ ਦੀ ਕਰਨਾਲ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮਨੋਹਰ ਲਾਲ ਖੱਟਰ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਸਨ। ਸੈਣੀ ਨੇ ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖਲ ਕੀਤੀ। ਕਰਨਾਲ ਦੇ ਮੌਜੂਦਾ ਸੰਸਦ ਮੈਂਬਰ ਸੰਜੇ ਭਾਟੀਆ ਨੇ ਮਨੋਹਰ ਲਾਲ ਲਈ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਸੈਣੀ ਨੇ ਮੁੱਖ ਮੰਤਰੀ ਨਾਇਬ ਸੈਣੀ ਲਈ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ।
ਕਰਨਾਲ ਲੋਕ ਸਭਾ ਚੋਣਾਂ ਲਈ ਹੁਣ ਤਕ 7 ਉਮੀਦਵਾਰਾਂ ਨੇ ਅਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਵਿਚ ਕਾਂਗਰਸ ਵਲੋਂ ਦਿਵਯਾਂਸ਼ੂ ਬੁੱਧੀਰਾਜਾ, ਬਸਪਾ ਦੇ ਇੰਦਰ ਸਿੰਘ ਅਤੇ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ, ਜੇਜੇਪੀ (JJP) ਦੇ ਦੇਵੇਂਦਰ ਕਾਦਿਆਨ ਅਤੇ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੀ ਪਤਨੀ ਕਪਿਲਾ, ਰਾਸ਼ਟਰੀ ਗਰੀਬ ਦਲ ਵਲੋਂ ਰੂਪ ਸਿੰਘ ਅਤੇ ਆਜ਼ਾਦ ਉਮੀਦਵਾਰ ਵਜੋਂ ਨਵਜੋਤ ਰੰਧਾਵਾ ਦਾ ਨਾਂ ਸ਼ਾਮਲ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਜ਼ਿਮਨੀ ਚੋਣ (Assembly By-Election) ਲਈ ਹੁਣ ਤਕ ਕੁੱਲ 3 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਵਿਚ ਕਾਂਗਰਸ ਵਲੋਂ ਤ੍ਰਿਲੋਚਨ ਸਿੰਘ, ਜੇਜੇਪੀ ਵਲੋਂ ਰਮਾ ਮਦਾਨ ਅਤੇ ਭਾਜਪਾ ਦੇ ਸਾਬਕਾ ਵਰਕਰ ਸ਼ਮਸ਼ੇਰ ਸਿੰਘ ਨੈਨ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ।