ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਨਜਾਇਜ਼ ਸ਼ਰਾਬ ਵਿਰੁੱਧ ਚਲਾਈ ਗਈ ਸਾਂਝੀ ਕਾਰਵਾਈ ਦੌਰਾਨ ਐਕਸਾਈਜ਼ ਵਿਭਾਗ ਅਤੇ ਲੁਧਿਆਣਾ (ਦਿਹਾਤੀ) ਦੀ ਪੁਲਿਸ ਵੱਲੋਂ ਸਿੱਧਵਾਂ ਬੇਟ ਖੇਤਰ ਨੇੜੇ ਕੰਨੀਆਂ ਅਤੇ ਸ਼ੇਰੇਵਾਲਾ ਵਿਖੇ 24,100 ਲੀਟਰ ਲਾਹਣ ਬਰਾਮਦ ਕੀਤੀ।
ਜਗਰਾਓਂ ਪੁਲੀਸ ਦੇ ਡੀ.ਐਸ.ਪੀ. ਜਸਜੋਤ ਸਿੰਘ, ਆਬਕਾਰੀ ਅਧਿਕਾਰੀ ਹਰਜੋਤ ਸਿੰਘ ਦੀ ਅਗਵਾਈ ਹੇਠ ਇੱਕ ਸਾਂਝੀ ਟੀਮ ਨੇ ਐਕਸਾਈਜ਼ ਇੰਸਪੈਕਟਰ ਅਤੇ 30 ਪੁਲਿਸ ਮੁਲਾਜ਼ਮਾਂ ਦੇ ਨਾਲ ਮੰਗਲਵਾਰ ਨੂੰ ਸਿੱਧਵਾਂ ਬੇਟ ਖੇਤਰ ਵਿੱਚ ਸਤਲੁਜ ਦੇ ਕੰਢੇ ਛਾਪੇਮਾਰੀ ਕੀਤੀ।
ਸਹਾਇਕ ਕਮਿਸ਼ਨਰ ਆਬਕਾਰੀ ਲੁਧਿਆਣਾ ਪੱਛਮੀ ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਇਲਾਕੇ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਟੀਮ ਨੇ ਵੱਡੀਆਂ ਪੌਲੀਥੀਨ ਤਰਪਾਲਾਂ ਵਿੱਚ ਸਟੋਰ ਕੀਤੀ 24000 ਲੀਟਰ ਲਾਹਣ ਬਰਾਮਦ ਕੀਤੀ। ਤਸਕਰਾਂ ਨੇ ਪੋਲੀਥੀਨ ਦੀਆਂ ਤਰਪਾਲਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਸਤਲੁਜ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਦਰਿਆ ਦੇ ਕੰਢੇ ਲਾਹਣ ਛੁਪਾ ਕੇ ਨਾਜਾਇਜ਼ ਸ਼ਰਾਬ ਕੱਢਦੇ ਸਨ। ਉਨ੍ਹਾਂ ਦੱਸਿਆ ਕਿ ਇੱਕ ਘਰ ਵਿੱਚ ਬਣੀ ਡਿੱਗੀ ਵਿੱਚ 100 ਲੀਟਰ ਲਾਹਣ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪੋਲੀਥੀਨ ਤਰਪਾਲਾਂ ਵਿੱਚ ਪਾਈ ਗਈ 24000 ਲੀਟਰ ਲਾਹਣ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਏ.ਈ.ਟੀ.ਸੀ. ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਸਤਲੁਜ ਦੇ ਨੇੜੇ ਪੈਂਦੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਜਾਰੀ ਰੱਖੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਲੁਧਿਆਣਾ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਜਿਸਦੇ ਤਹਿਤ ਚੋਣਾਂ ਦੌਰਾਨ ਸ਼ਾਂਤਮਈ ਮਾਹੌਲ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।