50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੈਸਰਜ਼ ਐਸ.ਏ.ਈ.ਐਲ ਲਿਮਿਟੇਡ ਦੁਆਰਾ ਪਿੰਡ ਕਰਮਗੜ੍ਹ, ਮਲੋਟ ਵਿਖੇ ਲਗਾਏ ਗਏ 50 ਮੈਗਾਵਾਟ ਸਮਰੱਥਾ ਦੇ ਸੋਲਰ ਪਾਵਰ ਪ੍ਰੋਜੈਕਟ ਨੂੰ ਸਿੰਕਰੋਨਾਈਜ਼ ਕਰ ਦਿੱਤਾ ਗਿਆ ਹੈ ਅਤੇ ਸੋਲਰ ਪਾਵਰ 220 ਕੇਵੀ ਗ੍ਰਿਡ ਸਬ-ਸਟੇਸ਼ਨ ਕਟੋਰੇਵਾਲਾ ਵਿੱਚ ਸਪਲਾਈ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਸਥਾਪਿਤ ਕੀਤੇ ਜਾਣ ਵਾਲੇ 4 ਮੈਗਾਵਾਟ ਦੇ ਚਾਰ ਸੋਲਰ ਪਾਵਰ ਪ੍ਰੋਜੈਕਟ 2.748 ਰੁਪਏ/ਕਿਲੋਵਾਟ ਘੰਟਾ ਦੀ ਦਰ ‘ਤੇ ਪੇਡਾ ਨੂੰ ਅਲਾਟ ਕੀਤੇ ਗਏ ਸਨ। ਇਨ੍ਹਾਂ ਵਿੱਚੋਂ, ਪਿੰਡ ਤਰਖਾਣਵਾਲਾ, ਬਠਿੰਡਾ ਵਿਖੇ 4 ਮੈਗਾਵਾਟ ਦੇ ਇੱਕ ਸੋਲਰ ਪਾਵਰ ਪ੍ਰੋਜੈਕਟ ਨੂੰ ਵੀ ਪੀਐਸਪੀਸੀਐਲ ਦੇ 66 ਕੇਵੀ ਗ੍ਰਿਡ ਸਬ-ਸਟੇਸ਼ਨ ਸੇਖੋਂ ਨਾਲ ਸਿੰਕਰੋਨਾਈਜ਼ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਸਿੰਕਰੋਨਾਈਜੇਸ਼ਨ ਨਾਲ, ਪੰਜਾਬ ਰਾਜ ਲਈ ਸੋਲਰ ਪਾਵਰ ਪ੍ਰੋਜੈਕਟਾਂ ਦੀ ਸੰਚਿਤ ਸਥਾਪਿਤ ਸਮਰੱਥਾ ਹੁਣ 2081 ਮੈਗਾਵਾਟ ਤੱਕ ਪਹੁੰਚ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ 2850 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਕਮਿਸ਼ਨਿੰਗ ਅਧੀਨ ਹਨ।

ਉਲੇਖਯੋਗ ਹੈ ਕਿ ਇਹ 54 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਰੋਜ਼ਾਨਾ ਲਗਭਗ 3 ਲੱਖ ਯੂਨਿਟ ਹਰੀ ਊਰਜਾ ਪੈਦਾ ਕਰਨਗੇ ਅਤੇ ਇਨ੍ਹਾਂ ਪ੍ਰੋਜੈਕਟਾਂ ਦੁਆਰਾ ਪੈਦਾ ਕੀਤੀ ਗਈ ਸੋਲਰ ਪਾਵਰ ਦਿਨ ਦੇ ਸਮੇਂ ਉਪਲਬਧ ਹੋਵੇਗੀ ਅਤੇ ਇਸ ਨੂੰ ਪੰਜਾਬ ਰਾਜ ਦੇ ਕਿਸਾਨਾਂ ਨੂੰ ਖੇਤੀਬਾੜੀ ਪਾਵਰ ਵਜੋਂ ਸਪਲਾਈ ਕੀਤਾ ਜਾਵੇਗਾ।

ਹੋਰ ਖ਼ਬਰਾਂ :-  ਗੰਨਾ ਕਾਸ਼ਤਕਾਰਾਂ ਦੇ ਗੋਲਡਨ ਸੰਧਰ ਮਿੱਲ ਵੱਲ ਖੜ੍ਹੇ ਬਕਾਏ 31 ਮਾਰਚ ਤੱਕ ਅਦਾ ਕੀਤੇ ਜਾਣਗੇ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐਸਪੀਸੀਐਲ) ਨੇ ਟਿਕਾਊ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਦੇ ਹੋਏ ਰਾਜ ਦੀ ਵਧਦੀ ਬਿਜਲੀ ਮੰਗ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਕਾਰਪੋਰੇਸ਼ਨ ਨੇ ਜੂਨ-2022 ਵਿੱਚ 2.65 ਰੁਪਏ/ਕਿਲੋਵਾਟ ਘੰਟਾ ਦੀ ਪ੍ਰਤੀਯੋਗੀ ਦਰ ‘ਤੇ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਲਈ ਸੋਲਰ ਪਾਵਰ ਡਿਵੈਲਪਰਾਂ ਨਾਲ ਸਮਝੌਤੇ ਅੰਤਿਮ ਕੀਤੇ ਸਨ।

ਬਿਜਲੀ ਮੰਤਰੀ ਨੇ ਸਾਫ਼, ਹਰੀ ਅਤੇ ਘੱਟ ਟੈਰਿਫ ਵਾਲੀ ਨਵਿਆਉਣਯੋਗ ਬਿਜਲੀ ਦੇ ਹਿੱਸੇ ਨੂੰ ਵਧਾਉਣ ਅਤੇ ਆਪਣੇ ਗਾਹਕਾਂ ਨੂੰ ਭਰੋਸੇਯੋਗ ਅਤੇ ਸਸਤੀ ਬਿਜਲੀ ਦੀ ਸਭ ਤੋਂ ਵਧੀਆ ਗੁਣਵੱਤਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

“ਇਹ ਨਵੇਂ ਸੋਲਰ ਪਾਵਰ ਪ੍ਰੋਜੈਕਟ ਇੱਕ ਹਰੇ-ਭਰੇ ਪੰਜਾਬ ਦੇ ਸਾਡੇ ਟੀਚੇ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦੇ ਹਨ,” ਬਿਜਲੀ ਮੰਤਰੀ ਨੇ ਅੱਗੇ ਕਿਹਾ। “ਅਸੀਂ ਨਾ ਸਿਰਫ਼ ਆਪਣੀਆਂ ਬਿਜਲੀ ਦੀਆਂ ਲੋੜਾਂ ਨੂੰ ਪੂਰਾ ਕਰ ਰਹੇ ਹਾਂ, ਸਗੋਂ ਕਾਰਬਨ ਨਿਕਾਸ ਨੂੰ ਘਟਾਉਣ ਦੇ ਰਾਸ਼ਟਰੀ ਉਦੇਸ਼ ਵਿੱਚ ਵੀ ਯੋਗਦਾਨ ਪਾ ਰਹੇ ਹਾਂ।”

Leave a Reply

Your email address will not be published. Required fields are marked *