ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰਜ਼ੀ ਵਿਧਾਨ ਸਭਾ ਦੀ ਉਸਾਰੀ 20 ਨਵੰਬਰ ਤੱਕ ਮੁਕੰਮਲ ਹੋਵੇਗੀ: ਸਪੀਕਰ

ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 06 ਨਵੰਬਰ: ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਲਸਾਨੀ ਸ਼ਹਾਦਤ ਨੂੰ ਸਮਰਪਿਤ ਆਰਜ਼ੀ ਪੰਜਾਬ ਵਿਧਾਨ ਸਭਾ ਦੀ ਉਸਾਰੀ 20 ਨਵੰਬਰ ਤੱਕ ਮੁਕੰਮਲ ਕੀਤੀ ਜਾਵੇਗੀ।

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਰਾਸਤ-ਏ-ਖਾਲਸਾ ਵਿਖੇ ਗਰੁੱਪ ਆਫ਼ ਮਨਿਸਟਰਜ਼ ਅਤੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਦੀ ਅਗਵਾਈ ਕਰਦਿਆਂ ਕੀਤਾ।

ਸਪੀਕਰ ਨੇ ਦੱਸਿਆ ਕਿ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਧਾਨ ਸਭਾ ਦਾ ਇਹ ਖਾਸ ਸੈਸ਼ਨ ਪੰਜਾਬ ਸਰਕਾਰ ਵੱਲੋਂ ਉਲੀਕਿਆ ਗਿਆ ਹੈ ਜਿਸ ਦਾ ਮੰਤਵ ਗੁਰੂ ਸਾਹਿਬਾਨਾਂ ਦੇ ਫ਼ਲਸਫੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ।

ਸਪੀਕਰ ਨੇ ਦੱਸਿਆ ਕਿ ਭਾਈ ਜੈਤਾ ਜੀ ਵੱਲੋਂ ਦਿੱਲੀ ਵਿਖੇ ਗੁਰੂ ਸਾਹਿਬ ਦੀ ਸ਼ਹੀਦੀ ਉਪਰੰਤ ਉਨ੍ਹਾਂ ਦੇ ਸੀਸ ਨੂੰ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਭਾਈ ਜੈਤਾ ਜੀ, ਮਾਤਾ ਗੁਜਰੀ ਜੀ ਤੇ ਬਾਲ ਗੋਬਿੰਦ ਜੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਲਿਆ ਕੇ ਸੰਸਕਾਰ ਕੀਤਾ ਗਿਆ ਸੀ, ਜਿੱਥੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਸਥਾਪਿਤ ਹੈ।

ਇਸ ਮੌਕੇ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 24 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ (ਕੀਰਤਪੁਰ ਸਾਹਿਬ) ਤੋਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਦਾ ਸਵਾਗਤ ਵੱਖ-ਵੱਖ ਥਾਵਾਂ ਤੇ ਸਮੂਹ ਮੰਤਰੀਆਂ ਸਮੇਤ ਵਿਧਾਇਕਾਂ ਵੱਲੋਂ ਕੀਤਾ ਜਾਵੇਗਾ ਅਤੇ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਵਿਖੇ ਪਹੁੰਚਣ ਉਪਰੰਤ ਵਿਧਾਨ ਸਭਾ ਦੇ ਸੈਸ਼ਨ ਦੇ ਸ਼ੁਰੂਆਤ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਸ. ਤਰਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਕੈਬਿਨੇਟ ਮੰਤਰੀਆਂ ਤੇ ਵਿਧਾਇਕਾਂ ਲਈ ਕੀਤੇ ਖਾਸ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਲਈ ਭਾਈ ਸਤੀ ਦਾਸ ਪੰਡਾਲ ਵਿਖੇ ਰਹਿਣ ਲਈ ਇਤਜ਼ਾਮ ਕੀਤਾ ਗਿਆ ਹੈ ਤਾਂ ਜੋ ਸਾਰੀ ਕੈਬਨਿਟ ਅਤੇ ਵਿਧਾਇਕ ਆਪਣੇ ਪਰਿਵਾਰਾਂ ਨਾਲ ਸ਼ਰਧਾਪੂਰਵਕ 23 ਨਵੰਬਰ ਤੋਂ ਹੀ ਸ੍ਰੀ ਅਨੰਦਪੁਰ ਸਾਹਿਬ ਆ ਕੇ ਸਮਾਗਮਾਂ ਵਿੱਚ ਸ਼ਾਮਿਲ ਹੋ ਸਕਣ।

ਹੋਰ ਖ਼ਬਰਾਂ :-  ਹੜ੍ਹ ਰਾਹਤ ਮੁਆਵਜ਼ੇ ‘ਚ 20 ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ ਵਿੱਚ ਸਾਬਕਾ ਸਰਪੰਚ ਤੇ ਲੰਬੜਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੋ ਵਿਧਾਇਕ ਸਿੱਧੇ ਤੌਰ ‘ਤੇ ਸ਼ੈਸ਼ਨ ਵਿੱਚ ਆਉਣਾ ਚਾਹੁੰਣਗੇ ਉਨ੍ਹਾਂ ਲਈ ਵੱਖਰੇ ਤੌਰ ਤੇ ਇੰਤਜ਼ਾਮ ਕੀਤਾ ਜਾ ਰਿਹਾ ਹੈ ਤਾਂ ਜੋ ਵਿਧਾਇਕਾਂ ਨੂੰ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਜਾਂ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਸਲਾਹਕਾਰ ਸੈਰ ਸਪਾਟਾ ਵਿਭਾਗ ਸ਼੍ਰੀ ਦੀਪਕ ਬਾਲੀ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਅਤੇ ਵਿਧਾਇਕ ਸੰਗਤ ਨਾਲ ਨਿਮਾਣੇ ਸੇਵਕ ਵਜੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਸਮਾਗਮਾਂ ਵਿੱਚ ਸੰਗਤ ਰੂਪ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦੇ ਸੈਸ਼ਨ ਨੂੰ ਉਪਰੰਤ ਇੱਕ ਖਾਸ ਡ੍ਰੋਨ ਸ਼ੋਅ ਵੀ ਕੀਤਾ ਜਾਵੇਗਾ ਜੋ ਕਿ ਆਪਣੇ ਆਪ ਵਿੱਚ ਵਿਲੱਖਣ ਹੋਵੇਗਾ ਤੇ ਸ਼ਰਧਾਲੂਆ ਦੀ ਖਿੱਚ ਦਾ ਕੇਂਦਰ ਵੀ ਬਣੇਗਾ।

ਮੀਟਿੰਗ ਉਪਰੰਤ ਸਾਬਕਾ ਉੱਪ ਮੁੱਖ ਮੰਤਰੀ ਦਿੱਲੀ ਅਤੇ ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ, ਸਪੀਕਰ ਸ ਕੁਲਤਾਰ ਸਿੰਘ ਸੰਧਵਾ ਅਤੇ ਗਰੁੱਪ ਆਫ਼ ਮਨਿਸਟਰਜ਼ ਤੇ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਭਾਈ ਜੈਤਾ ਜੀ ਵਿਖੇ ਵਿਧਾਨ ਸੈਸ਼ਨ ਦੀਆਂ ਤਿਆਰੀਆਂ ਦਾ ਜਾਇਆਜ਼ਾ ਲਿਆ ਅਤੇ ਲਾਜ਼ਮੀ ਦਿਸ਼ਾ ਨਿਰਦੇਸ਼ ਦਿੱਤੇ।

ਇਸ ਮੌਕੇ ਵਧੀਕ ਮੁੱਖ ਸਕੱਤਰ, ਸੰਸਦੀ ਮਾਮਲੇ ਸ਼੍ਰੀ ਡੀ.ਕੇ ਤਿਵਾੜੀ, ਸਕੱਤਰ ਜਲ ਸਪਲਾਈ ਵਿਭਾਗ ਸ. ਹਰਪ੍ਰੀਤ ਸਿੰਘ, ਸਕੱਤਰ ਸੈਰ ਸਪਾਟਾ ਵਿਭਾਗ ਡਾ. ਅਭਿਨਵ ਤ੍ਰਿਖਾ, ਸਪੈਸ਼ਲ ਸਕੱਤਰ ਲੋਕ ਨਿਰਮਾਣ ਵਿਭਾਗ ਸ਼੍ਰੀਮਤੀ ਹਰਗੁਣਜੀਤ ਕੌਰ, ਐਮਡੀ ਇਨਫੋਟੈਕ ਸ. ਜਸਪ੍ਰੀਤ ਸਿੰਘ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਸ. ਕੁਲਵੰਤ ਸਿੰਘ, ਡਾਇਰੈਕਟਰ ਪ੍ਰਾਹੁਣਚਾਰੀ ਵਿਭਾਗ ਸ. ਤੇਜ ਸਿੰਘ ਸੈਣੀ, ਏਡੀਜੀਪੀ ਸ. ਸੁਰਿੰਦਰਪਾਲ ਸਿੰਘ ਪਰਮਾਰ, ਡੀਆਈਜੀ ਰੂਪਨਗਰ ਰੇਂਜ ਸ. ਨਾਨਕ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ, ਐੱਸਐੱਸਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਐਕਸੀਅਨ ਪੀਡਬਲਿਊਡੀ ਐੱਸਐੱਸ ਭੁੱਲਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ਼੍ਰੀ ਵਿਵੇਕ ਦੁਰੇਜਾ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਸ. ਹਰਜੀਤਪਾਲ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *