ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ
ਤਰਨਤਾਰਨ ਹਲਕੇ ਵਿੱਚ ਜ਼ਿਮਨੀ ਚੋਣ ਲਈ ਵੋਟਿੰਗ ਸਵੇਰੇ 7 ਵਜੇ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋਈ। ਪੋਲਿੰਗ ਦੇ ਆਰੰਭ ਤੋਂ ਹੀ ਵੋਟਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਈ ਬੂਥਾਂ ’ਤੇ ਲੰਬੀਆਂ ਕਤਾਰਾਂ ਬਣ ਗਈਆਂ। ਹਲਕੇ ਦੇ 114 ਸਥਾਨਾਂ ’ਤੇ ਕੁੱਲ 222 ਬੂਥ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕੁਝ ਸੰਵੇਦਨਸ਼ੀਲ ਘੋਸ਼ਿਤ ਹਨ। ਇਨ੍ਹਾਂ ਦੀ ਨਿਗਰਾਨੀ ਲਈ 46 ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ।
ਚੋਣ ਪ੍ਰਕਿਰਿਆ ਨੂੰ ਸ਼ਾਂਤੀ ਨਾਲ ਪੂਰਾ ਕਰਨ ਲਈ ਚੋਣ ਕਮਿਸ਼ਨ ਵੱਲੋਂ ਤਰਨਤਾਰਨ ਵਿੱਚ ਕੇਂਦਰੀ ਬਲਾਂ ਦੀਆਂ 14 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸਵੇਰੇ 9 ਵਜੇ ਤੱਕ ਕਰੀਬ 11 ਫੀਸਦੀ ਵੋਟਿੰਗ ਦਰਜ ਕੀਤੀ ਗਈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਇਸ ਉਪ ਚੋਣ ਵਿੱਚ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ। ਸਾਰੇ ਪੋਲਿੰਗ ਸਟੇਸ਼ਨਾਂ ’ਤੇ ਸੀਸੀਟੀਵੀ ਕੈਮਰੇ ਅਤੇ ਵੈਬਕਾਸਟਿੰਗ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦੀ ਨਿਗਰਾਨੀ ਜ਼ਿਲ੍ਹਾ ਅਤੇ ਮੁੱਖ ਚੋਣ ਅਧਿਕਾਰੀ ਕਰ ਰਹੇ ਹਨ।
ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਨਿਧਨ ਤੋਂ ਬਾਅਦ ਖਾਲੀ ਹੋਈ ਸੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੀ ਵਾਰ ਇਸ ਹਲਕੇ ਤੋਂ ਉਮੀਦਵਾਰ ਖੜ੍ਹਾ ਕੀਤਾ ਹੈ।
ਉਪ ਚੋਣ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਸਰਹੱਦੀ ਇਲਾਕਾ ਹੋਣ ਕਾਰਨ ਸੁਰੱਖਿਆ ਦੇ ਪੱਖ ਤੋਂ ਚੋਣ ਕਮਿਸ਼ਨ ਨੇ ਵਧੇਰੇ ਸਾਵਧਾਨੀ ਬਰਤੀ ਹੈ ਅਤੇ ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਨਾਲ ਨਾਲ 46 ਮਾਈਕ੍ਰੋ-ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ।