ਮੋਹਾਲੀ, 5 ਜਨਵਰੀ 2026: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਦੇ 16ਵੇਂ ਕੋਰਸ ਲਈ ਦਾਖ਼ਲਾ ਪ੍ਰੀਖਿਆ ‘ਚ ਕੁੱਲ 3,256 ਲੜਕੇ ਬੈਠੇ। ਜਿਨ੍ਹਾਂ ‘ਚੋਂ 48 ਉਮੀਦਵਾਰਾਂ ਨੂੰ ਸੰਸਥਾ ‘ਚ 2 ਸਾਲਾਂ ਦੇ ਸਿਖਲਾਈ ਪ੍ਰੋਗਰਾਮ ਲਈ ਚੁਣਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (NDA) ਅਤੇ ਹੋਰ ਆਰਮਡ ਫੋਰਸਿਜ਼ ਟ੍ਰੇਨਿੰਗ ਅਕੈਡਮੀਆਂ ‘ਚ ਦਾਖਲੇ ਲਈ ਤਿਆਰ ਕੀਤਾ ਜਾ ਸਕੇ, ਜਿਸ ਨਾਲ ਉਨ੍ਹਾਂ ਦਾ ਰੱਖਿਆ ਸੇਵਾਵਾਂ ‘ਚ ਕਮਿਸ਼ਨਡ ਅਫਸਰ ਬਣਨ ਦਾ ਰਾਹ ਪੱਧਰਾ ਹੋਵੇਗਾ।
ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਇਸ ਸੰਸਥਾ ਦੇ 100 ਕੈਡਿਟ ਐਨ.ਡੀ.ਏ./ਬਰਾਬਰ ਦੀਆਂ ਅਕੈਡਮੀਆਂ ‘ਚ ਸ਼ਾਮਲ ਹੋਏ ਹਨ ਅਤੇ 84 ਕੈਡਿਟ ਭਾਰਤ ਦੇ ਰੱਖਿਆ ਬਲਾਂ ‘ਚ ਕਮਿਸ਼ਨਡ ਅਫਸਰ ਬਣੇ ਹਨ।
ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀ.ਐਸ.ਐਮ. (ਸੇਵਾਮੁਕਤ), ਨੇ ਕਿਹਾ ਕਿ ਇਹ ਦਾਖਲਾ ਪ੍ਰੀਖਿਆ ਚਾਰ ਕੇਂਦਰਾਂ, ਸਕੂਲ ਆਫ਼ ਐਮੀਨੈਂਸ (ਫੇਜ਼-11 ਅਤੇ ਫੇਜ਼-3ਬੀ1, ਮੋਹਾਲੀ), ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਅਤੇ ਲਾਰਡ ਰਾਮਾ ਪਬਲਿਕ ਸਕੂਲ, ਬਠਿੰਡਾ ਵਿਖੇ ਕਰਵਾਈ। ਸੀ-ਡੈਕ ਵੱਲੋਂ ਕਰਵਾਈ ਇਸ ਪ੍ਰੀਖਿਆ ਰਾਹੀਂ ਸੰਸਥਾ ‘ਚ ਦੋ ਸਾਲਾਂ ਦੀ ਸਖ਼ਤ ਸਿਖਲਾਈ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਡਿਫੈਂਸ ਅਕੈਡਮੀਆਂ ਲਈ ਤਿਆਰ ਕੀਤਾ ਜਾ ਸਕੇ।
ਇਸਦੇ ਨਾਲ ਹੀ ਮੇਜਰ ਜਨਰਲ ਅਜੈ ਐਚ ਚੌਹਾਨ ਨੇ ਦੱਸਿਆ ਕਿ ਇਨ੍ਹਾਂ ‘ਚੋਂ ਚੋਟੀ ਦੇ 150 ਉਮੀਦਵਾਰਾਂ ਨੂੰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਤੋਂ ਬਾਅਦ ਇੰਟਰਵਿਊ ਅਤੇ ਮੈਡੀਕਲ ਟੈਸਟ ਲਈ ਬੁਲਾਇਆ ਜਾਵੇਗਾ ਅਤੇ ਇਨ੍ਹਾਂ ‘ਚੋਂ 48 ਉਮੀਦਵਾਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ ਦੋ ਸਾਲਾਂ ਦੇ ਸਿਖਲਾਈ ਕੋਰਸ ਲਈ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੁਣੇ ਉਮੀਦਵਾਰਾਂ ਨੂੰ ਤਜਰਬੇਕਾਰ ਫੈਕਲਟੀ ਵੱਲੋਂ ਸਿਖਲਾਈ ਦਿੱਤੀ ਜਾਵੇਗੀ, ਜਿਸ ‘ਚ ਉਨ੍ਹਾਂ ਨੂੰ ਅਕਾਦਮਿਕ, ਫਿਜ਼ੀਕਲ ਟਰੇਨਿੰਗ ਅਤੇ ਲੀਡਰਸ਼ਿਪ ਹੁਨਰ ਸਿਖਾਏ ਜਾਣਗੇ।