ਕੈਨੇਡਾ ਸਰਕਾਰ ਨੇ ਆਪਣੀ 2026–2028 ਇਮੀਗ੍ਰੇਸ਼ਨ ਨੀਤੀ ਦੇ ਤਹਿਤ ਸੀਨੀਅਰ ਸਿਟੀਜ਼ਨਜ਼ ਲਈ ਪਰਮਾਨੈਂਟ ਰੈਜ਼ੀਡੈਂਸ (PR) ਵੀਜ਼ਾ ਪ੍ਰਕਿਰਿਆ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ, ਜਿਸ ਨਾਲ ਹਰ ਸਾਲ PR ਲਈ ਅਪਲਾਈ ਕਰਨ ਵਾਲੇ ਹਜ਼ਾਰਾਂ ਬਜ਼ੁਰਗ ਪ੍ਰਭਾਵਿਤ ਹੋਣਗੇ। ਇਸ ਫੈਸਲੇ ਨਾਲ ਖ਼ਾਸ ਤੌਰ ‘ਤੇ ਪੰਜਾਬੀ ਭਾਈਚਾਰੇ ‘ਤੇ ਅਸਰ ਪਵੇਗਾ ਕਿਉਂਕਿ ਹਰ ਸਾਲ ਲਗਭਗ 6,000 ਪੰਜਾਬੀ ਬਜ਼ੁਰਗ PR ਲਈ ਅਰਜ਼ੀਆਂ ਦਿੰਦੇ ਸਨ। ਸਰਕਾਰੀ ਅੰਕੜਿਆਂ ਅਨੁਸਾਰ, ਇਸ ਸਮੇਂ ਕੈਨੇਡਾ ਵਿੱਚ 65 ਸਾਲ ਤੋਂ ਵੱਧ ਉਮਰ ਦੇ ਕਰੀਬ 81 ਲੱਖ ਲੋਕ ਰਹਿ ਰਹੇ ਹਨ।
ਇਸ ਕਟੌਤੀ ਦੇ ਹਿੱਸੇ ਵਜੋਂ ਮਾਪਿਆਂ ਅਤੇ ਦਾਦਾ-ਦਾਦੀਆਂ ਲਈ ਚੱਲ ਰਹੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ (PGP) ਹੇਠ 2025 ਵਿੱਚ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਿਰਫ਼ 2024 ਵਿੱਚ ਦਿੱਤੀਆਂ ਅਰਜ਼ੀਆਂ ‘ਤੇ ਹੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਬਜ਼ੁਰਗਾਂ ਦੀ ਕੈਨੇਡਾ ਯਾਤਰਾ ‘ਤੇ ਕੋਈ ਰੋਕ ਨਹੀਂ ਹੈ ਅਤੇ ਸੁਪਰ ਵੀਜ਼ਾ ਵਰਗੇ ਵਿਕਲਪ ਹਾਲੇ ਵੀ ਮੌਜੂਦ ਹਨ, ਜਿਸ ਨਾਲ ਉਹ ਲਗਾਤਾਰ ਪੰਜ ਸਾਲਾਂ ਤੱਕ ਆਪਣੇ ਪਰਿਵਾਰ ਨਾਲ ਰਹਿ ਸਕਦੇ ਹਨ।
ਇਸਦੇ ਨਾਲ ਹੀ, ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖਭਾਲ ਲਈ ਸ਼ੁਰੂ ਕੀਤਾ ਗਿਆ ਕੇਅਰਗਿਵਰ (ਹੋਮ ਕੇਅਰ ਵਰਕਰ) ਪਾਇਲਟ ਪ੍ਰੋਗਰਾਮ ਵੀ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਰਿਹਾਇਸ਼ ਦੀ ਘਾਟ ਅਤੇ ਸਿਹਤ ਸੰਭਾਲ ਸੇਵਾਵਾਂ ‘ਤੇ ਵਧਦੇ ਦਬਾਅ ਕਾਰਨ ਇਮੀਗ੍ਰੇਸ਼ਨ ਨੂੰ ਸੀਮਤ ਕਰਨਾ ਲਾਜ਼ਮੀ ਹੋ ਗਿਆ ਹੈ। ਉੱਧਰ, ਟ੍ਰੈਵਲ ਏਜੰਟਾਂ ਅਤੇ ਲੋਕਾਂ ਦਾ ਮੰਨਣਾ ਹੈ ਕਿ ਹਾਲੇ ਵੀ ਬਜ਼ੁਰਗਾਂ ਲਈ ਕਈ ਹੋਰ ਕਾਨੂੰਨੀ ਵਿਕਲਪ ਮੌਜੂਦ ਹਨ ਅਤੇ ਘਬਰਾਉਣ ਦੀ ਲੋੜ ਨਹੀਂ।