ਇਸ ਜੰਗ ਦਾ ਐਲਾਨ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਵਿੱਚ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ 12000 ਪੁਲਿਸ ਮੁਲਾਜ਼ਮਾਂ ਦੀ ਨਫ਼ਰੀ ਵਾਲੀਆਂ 2000 ਪੁਲਿਸ ਟੀਮਾਂ 60 ਵਿਦੇਸ਼ੀ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਹ ਛਾਪੇਮਾਰੀ 72 ਘੰਟੇ ਚਲਾਏ ਜਾ ਰਹੇ ‘ਆਪ੍ਰੇਸ਼ਨ ਪ੍ਰਹਾਰ’ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਇੱਕ ਸੁਚੱਜੀ ਤੇ ਰਣਨੀਤੀਬੱਧ ਜੰਗ ਦਾ ਐਲਾਨ ਕੀਤਾ ਹੈ ਜਿਸਦਾ ਉਦੇਸ਼ ਗੈਂਗਸਟਰਵਾਦ ਦੇ ਪੂਰੇ ਵਾਤਾਵਰਣ- ਜਿਸ ਵਿੱਚ ਉਨ੍ਹਾਂ ਦੀ ਵਿੱਤ, ਲੌਜਿਸਟਿਕਸ, ਛੁਪਣਗਾਹਾਂ, ਹਥਿਆਰ ਸਪਲਾਈ ਚੇਨ ਅਤੇ ਸੰਚਾਰ ਨੈਟਵਰਕ ਸ਼ਾਮਲ ਹੈ, ਨੂੰ ਤਹਿਸ ਨਹਿਸ ਕਰਨਾ ਹੈ।
ਉਨ੍ਹਾਂ ਨੇ ਵਿਦੇਸ਼ੀ ਗੈਂਗਸਟਰਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਉਹ ਵਿਦੇਸ਼ਾਂ ਵਿੱਚ ਸੁਰੱਖਿਅਤ ਮਹਿਸੂਸ ਨਾ ਕਰਨ, ਜਲਦੀ ਹੀ ਉਨ੍ਹਾਂ ਨੂੰ ਕਾਨੂੰਨੀ ਦਾ ਸਾਹਮਣਾ ਕਰਨ ਲਈ ਪੰਜਾਬ ਲਿਆਂਦਾ ਜਾਵੇਗਾ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ 60 ਅਜਿਹੇ ਗੈਂਗਸਟਰਾਂ ਦੀ ਪਛਾਣ ਕੀਤੀ ਹੈ, ਜੋ ਵਿਦੇਸ਼ਾਂ ਵਿੱਚ ਬੈਠ ਕੇ ਆਪਣੇ ਸਾਥੀਆਂ ਰਾਹੀਂ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ, ‘‘ਇਨ੍ਹਾਂ ਵਿਦੇਸ਼ੀ ਗੈਂਗਸਟਰਾਂ ਦੀ ਹਵਾਲਗੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ, ਡੀਆਈਜੀ ਕਾਊਂਟਰ ਇੰਟੈਲੀਜੈਂਸ ਆਸ਼ੀਸ਼ ਚੌਧਰੀ ਦੀ ਅਗਵਾਈ ਵਿੱਚ ਇੱਕ ਓਵਰਸੀਜ਼ ਫਿਊਜੀਟਿਵ ਟ੍ਰੈਕਿੰਗ ਐਂਡ ਐਕਸਟ੍ਰੀਡੀਸ਼ਨ ਸੈੱਲ (ਓਐਫਟੀਈਸੀ) ਸਥਾਪਤ ਕੀਤਾ ਗਿਆ ਹੈ ਅਤੇ ਜਲਦੀ ਹੀ ਅਜਿਹੇ ਵਿਦੇਸ਼ੀ ਗੈਂਗਸਟਰਾਂ ਨੂੰ ਕਾਨੂੰਨ ਦਾ ਸਾਹਮਣਾ ਕਰਨ ਲਈ ਪੰਜਾਬ ਲਿਆਂਦਾ ਜਾਵੇਗਾ’’।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ 60 ਵਿਦੇਸ਼ ਅਧਾਰਤ ਪਛਾਣੇ ਗਏ ਗੈਂਗਸਟਰਾਂ ਵਿਚੋਂ 23 ਨੂੰ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ ਜਾਂ ਕੀਤੇ ਜਾ ਰਹੇ ਹਨ। ਜਦੋਂ ਕਿ ਬਾਕੀ 37 ਗੈਂਗਸਟਰਾਂ ਲਈ ਆਰਸੀਐਨਜ਼ ਜਾਰੀ ਕਰਨ ਦੀ ਪ੍ਰਕਿਰਿਆ ਸਮਾਂਬੱਧ ਢੰਗ ਨਾਲ 3 ਮਹੀਨਿਆਂ ਵਿੱਚ ਪੂਰੀ ਕਰ ਲਈ ਜਾਵੇਗੀ।
ਡੀਜੀਪੀ ਨੇ ਗੁੰਮਰਾਹ ਨੌਜਵਾਨਾਂ ਨੂੰ ਅਪਰਾਧ ਦਾ ਰਸਤਾ ਛੱਡਕੇ ਮੁੱਖ ਧਾਰਾ ਵਿੱਚ ਵਾਪਸ ਪਰਤਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ,‘‘ ਮੈਂ ਗੁੰਮਰਾਹ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿੱਚ ਵਿਦੇਸ਼ੀ ਗੈਂਗਸਟਰਾਂ ਦੇ ਬਹਿਕਾਵੇ ਵਿੱਚ ਨਾ ਆਉਣ ਕਿਉਂਕਿ ਜੋ ਖੁਦ ਵਿਦੇਸ਼ਾਂ ਵਿੱਚ ਪਨਾਹ ਲੈ ਕੇ ਬੈਠੇ ਹਨ, ਉਹ ਤੁਹਾਡੇ ਖ਼ੈਰ-ਖੁਆਹ ਨਹੀਂ ਹੋ ਸਕਦੇ ।’’ ਉਨ੍ਹਾਂ ਇਹ ਵੀ ਚੇਤਵਾਨੀ ਦਿੱਤੀ ਕਿ ਜੋ ਨੌਜਵਾਨ ਅਪਰਾਧ ਦਾ ਇਹ ਰਸਤਾ ਨਹੀਂ ਛੱਡਣਗੇ ਉਹ ਸਖ਼ਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ