ਮੋਦੀ ਸਰਕਾਰ ਨੇ ਡੋਨਾਲਡ ਟਰੰਪ ਅੱਗੇ ਟੇਕੇ ਗੋਡੇ, ਦੇਸ਼ ਦੇ ਹਿੱਤਾਂ ਨੂੰ ਅਮਰੀਕਾ ਦੇ ਹੱਥਾਂ ਵਿੱਚ ਰੱਖਿਆ ਗਿਰਵੀ: ਕੁਲਦੀਪ ਧਾਲੀਵਾਲ

ਚੰਡੀਗੜ੍ਹ/ਅਮ੍ਰਿਤਸਰ, 18 ਮਈ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਅਮਰੀਕਾ ਦੇ ਹੱਥਾਂ ਵਿੱਚ ਗਿਰਵੀ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਾਲੇ ਹੋਈ ਹਾਲੀਆ ਵਪਾਰਕ ਡੀਲ (ਟ੍ਰੇਡ ਡੀਲ) ਤਹਿਤ ਮੋਦੀ ਸਰਕਾਰ ਨੇ ਦੇਸ਼ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਸ ਡੀਲ ਦੀ ਸਭ ਤੋਂ ਘਾਤਕ ਅਤੇ ਮੁੱਖ ਸ਼ਰਤ ਇਹ ਸੀ ਕਿ ਭਾਰਤ ਰੂਸ ਤੋਂ ਸਸਤਾ ਤੇਲ ਖਰੀਦਣਾ ਬੰਦ ਕਰੇਗਾ ਅਤੇ ਇਸ ਦੀ ਬਜਾਏ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਤੋਂ ਮਹਿੰਗਾ ਤੇਲ ਖਰੀਦੇਗਾ।

ਉਨ੍ਹਾਂ ਕਿਹਾ ਕਿ ਅਮਰੀਕਾ ਨੇ ਪਹਿਲਾਂ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਲਈ 30 ਦਿਨਾਂ ਦੀ ਮੋਹਲਤ ਦਿੱਤੀ, ਫਿਰ ਇਸ ਨੂੰ ਘਟਾ ਕੇ ਕਦੇ 10 ਦਿਨ ਤੇ ਕਦੇ 8 ਦਿਨ ਕੀਤਾ ਅਤੇ ਹੁਣ ਬੀਤੀ 16 ਮਈ ਤੋਂ ਭਾਰਤ ‘ਤੇ ਪੂਰੀ ਤਰ੍ਹਾਂ ਨਕੇਲ ਕੱਸ ਦਿੱਤੀ ਹੈ ਕਿ ਰੂਸ ਤੋਂ ਤੇਲ ਦੀ ਖਰੀਦ ਨੂੰ ਘੱਟੋ-ਘੱਟ ਪੱਧਰ ‘ਤੇ ਲਿਆਂਦਾ ਜਾਵੇ।

ਵਿਧਾਇਕ ਧਾਲੀਵਾਲ ਨੇ ਕਿਹਾ ਕਿ ਜਿਹੜਾ ਭਾਰਤ ਆਪਣੀ ਕੁੱਲ ਲੋੜ ਦਾ 60 ਫੀਸਦੀ ਤੇਲ ਇਕੱਲੇ ਰੂਸ ਤੋਂ ਬੇਹੱਦ ਸਸਤੀਆਂ ਕੀਮਤਾਂ ‘ਤੇ ਖਰੀਦ ਰਿਹਾ ਸੀ, ਉਹ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਸਿਮਟ ਕੇ ਸਿਰਫ 10 ਫੀਸਦੀ ਰਹਿ ਗਿਆ ਹੈ। ਬਾਕੀ ਸਾਰਾ ਤੇਲ ਹੁਣ ਮਜਬੂਰੀ ਵਿੱਚ ਅਮਰੀਕਾ ਅਤੇ ਉਨ੍ਹਾਂ ਦੇਸ਼ਾਂ ਤੋਂ ਖਰੀਦਿਆ ਜਾ ਰਿਹਾ ਹੈ, ਜਿਨ੍ਹਾਂ ਵੱਲ ਅਮਰੀਕਾ ਇਸ਼ਾਰਾ ਕਰਦਾ ਹੈ। ਰੂਸ ਦਾ ਤੇਲ ਜਿੱਥੇ ਸਾਨੂੰ 100 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਮਿਲ ਰਿਆ ਸੀ, ਉੱਥੇ ਹੀ ਅਮਰੀਕੀ ਦੇਸ਼ਾਂ ਦਾ ਤੇਲ ਅੱਜ 110 ਡਾਲਰ ਪ੍ਰਤੀ ਬੈਰਲ ਤੋਂ ਵੀ ਮਹਿੰਗਾ ਪੈ ਰਿਹਾ ਹੈ। ਮੋਦੀ ਸਰਕਾਰ ਨੇ ਡੋਨਾਲਡ ਟਰੰਪ ਨੂੰ ਭਾਰਤ ਦਾ ‘ਸਰਪੰਚ’ ਮੰਨ ਲਿਆ ਹੈ ਅਤੇ ਉਹੀ ਸਰਪੰਚ ਹੁਣ ਅਮਰੀਕਾ ਵਿੱਚ ਬੈਠ ਕੇ ਭਾਰਤ ਲਈ ਦਮਨਕਾਰੀ ਨੀਤੀਆਂ ਤੈਅ ਕਰ ਰਿਹਾ ਹੈ।

ਹੋਰ ਖ਼ਬਰਾਂ :-  ਪੰਜਾਬ ਸਰਕਾਰ 12 ਹਜ਼ਾਰ ਹੈਕਟੇਅਰ ਰਕਬਾ ਝੋਨੇ ਤੋਂ ਮੱਕੀ ਦੀ ਕਾਸ਼ਤ ਹੇਠ ਲਿਆਉਣ ਲਈ ਪ੍ਰਤੀ ਹੈਕਟੇਅਰ 17,500 ਰੁਪਏ ਦੇਵੇਗੀ

ਮੁੱਖ ਬੁਲਾਰੇ ਨੇ ਦੇਸ਼ ਵਾਸੀਆਂ, ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਰੂਸ ਤੋਂ ਸਸਤਾ ਤੇਲ ਬੰਦ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਣ ਵਾਲਾ ਹੈ। ਮੋਦੀ ਸਰਕਾਰ ਦੀ ਨੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੇ ਚਾਰ-ਪੰਜ ਦਿਨ ਪਹਿਲਾਂ ਸੀ.ਐਨ.ਜੀ. ਦੇ ਰੇਟ 2 ਰੁਪਏ ਵਧਾਏ ਅਤੇ ਕੱਲ੍ਹ ਫਿਰ ਚੁੱਪਚਾਪ 1 ਰੁਪਿਆ ਹੋਰ ਵਧਾ ਦਿੱਤਾ। ਇਸੇ ਚੋਰ-ਦਰਵਾਜ਼ੇ ਰਾਹੀਂ ਹੁਣ ਪੈਟਰੋਲ-ਡੀਜ਼ਲ ਨੂੰ ਵੀ ਮਹਿੰਗਾ ਕਰਨ ਦੀ ਪੂਰੀ ਪਟਕਥਾ ਤਿਆਰ ਹੋ ਚੁੱਕੀ ਹੈ।

ਧਾਲੀਵਾਲ ਨੇ ਅੱਗੇ ਕਿਹਾ ਕਿ 16 ਮਈ ਨੂੰ ਅਮਰੀਕਾ ਵੱਲੋਂ ਰੂਸ ਤੋਂ ਤੇਲ ਖਰੀਦ ‘ਤੇ ਲਗਾਈ ਗਈ ਇਸ ਪਾਬੰਦੀ ਦਾ ਸਿੱਧਾ ਖਾਮਿਆਜ਼ਾ ਭਾਰਤ ਦੇ ਆਮ ਆਦਮੀ ਅਤੇ ਕਿਸਾਨਾਂ ਨੂੰ ਭੁਗਤਣਾ ਪਵੇਗਾ।

ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਕਿਸਾਨ-ਵਿਰੋਧੀ, ਪੰਜਾਬ-ਵਿਰੋਧੀ ਅਤੇ ਭਾਰਤ-ਵਿਰੋਧੀ ਹੈ। ਪੰਜਾਬ ਵਿੱਚ 1 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ, ਜਿਸ ਲਈ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਡੀਜ਼ਲ ਦੀ ਲੋੜ ਹੋਵੇਗੀ। ਪਰ ਮੈਨੂੰ ਪੂਰਾ ਖਦਸ਼ਾ ਹੈ ਕਿ 1 ਜੂਨ ਤੱਕ ਮੋਦੀ ਅਤੇ ਉਨ੍ਹਾਂ ਦੇ ਸਾਥੀ ਅਮਰੀਕੀ ਆਕਾਵਾਂ ਦੇ ਇਸ਼ਾਰੇ ‘ਤੇ ਕੋਈ ਨਾ ਕੋਈ ਨਵਾਂ ਗੁਲ ਜ਼ਰੂਰ ਖਿਲਾ ਦੇਣਗੇ ਅਤੇ ਤੇਲ ਦੀਆਂ ਕੀਮਤਾਂ ਅਸਮਾਨ ‘ਤੇ ਪਹੁੰਚਾ ਦੇਣਗੇ।

ਉਨ੍ਹਾਂ ਕਿਹਾ ਕਿ ਟਰੰਪ ਨੂੰ ਹਿੰਦੁਸਤਾਨ ਦਾ ‘ਸਰਪੰਚ’ ਬਣਾਉਣ ਦਾ ਖਾਮਿਆਜ਼ਾ ਦੇਸ਼ ਭੁਗਤ ਰਿਹਾ ਹੈ, ਜੋ ਸਾਡੇ ਗਲੇ ਵਿੱਚ ਆਰਥਿਕ ਗੁਲਾਮੀ ਦਾ ਫੰਦਾ ਕੱਸਣ ਦਾ ਕੰਮ ਕਰ ਰਿਹਾ ਹੈ। ਆਮ ਆਦਮੀ ਪਾਰਟੀ ਮੋਦੀ ਸਰਕਾਰ ਦੇ ਇਸ ਦੇਸ਼-ਵਿਰੋਧੀ ਅਤੇ ਕਿਸਾਨ-ਵਿਰੋਧੀ ਫੈਸਲੇ ਦਾ ਜ਼ੋਰਦਾਰ ਵਿਰੋਧ ਕਰਦੀ ਹੈ।

Leave a Reply

Your email address will not be published. Required fields are marked *