ਸ਼ਰਮਨਾਕ ਹਾਰ ਤੋਂ ਬੁਖਲਾਈ ਵਿਰੋਧੀ ਧਿਰ, ਅਮਨ-ਅਮਾਨ ਵਾਲੀਆਂ ਨਿਗਮ ਚੋਣਾਂ ‘ਤੇ ਸਵਾਲ ਚੁੱਕ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 30 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਜਾਣ ਤੋਂ ਬਾਅਦ ਬੁਖਲਾਹਟ ਵਿੱਚ ਆ ਕੇ ਵਿਰੋਧੀ ਪਾਰਟੀਆਂ ਨੇ ਹੁਣ ਚੋਣਾਂ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਇਨ੍ਹਾਂ ਚੋਣਾਂ ਨੂੰ ਸੂਬੇ ਵਿੱਚ ਹੁਣ ਤੱਕ ਦੀਆਂ ਸਭ ਤੋਂ ਸ਼ਾਂਤੀਪੂਰਨ, ਸੁਤੰਤਰ ਅਤੇ ਪਾਰਦਰਸ਼ੀ ਸਥਾਨਕ ਚੋਣਾਂ ਦੱਸਿਆ।

ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਇਹ ਸਥਾਨਕ ਚੋਣਾਂ ਸੁਤੰਤਰ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚੜ੍ਹਨ। ਸੂਬਾ ਸਰਕਾਰ ਦੇ ਉਹ ਕਰਮਚਾਰੀ ਸ਼ਲਾਘਾ ਦੇ ਹੱਕਦਾਰ ਹਨ ਜੋ ਇਨ੍ਹਾਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਰਹੇ। ਹਾਲਾਂਕਿ, ਵਿਰੋਧੀ ਧਿਰ ਆਪਣੀ ਸ਼ਰਮਨਾਕ ਹਾਰ ਨੂੰ ਹਜ਼ਮ ਨਹੀਂ ਕਰ ਪਾ ਰਹੀ ਹੈ ਅਤੇ ਹੁਣ ਨਤੀਜਿਆਂ ‘ਤੇ ਬੇਲੋੜਾ ਹੋ-ਹੱਲਾ ਮਚਾ ਰਹੀ ਹੈ।”

ਉਨ੍ਹਾਂ ਕਿਹਾ ਕਿ ਚੋਣਾਂ ਦੀ ਨਿਰਪੱਖਤਾ ਇਸ ਤੱਥ ਤੋਂ ਸਪੱਸ਼ਟ ਹੁੰਦੀ ਹੈ ਕਿ ਕਈ ਵਾਰਡਾਂ ਅਤੇ ਸਥਾਨਕ ਸੰਸਥਾਵਾਂ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਵੀ ਜੇਤੂ ਰਹੇ ਹਨ, ਜਿਨ੍ਹਾਂ ਵਿੱਚ ਬਹੁਤ ਹੀ ਮਾਮੂਲੀ ਫਰਕ (ਘੱਟ ਵੋਟਾਂ) ਵਾਲੇ ਮੁਕਾਬਲੇ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਚੋਣਾਂ ਦੀ ਪਾਰਦਰਸ਼ਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਈ ਹਲਕਿਆਂ ਵਿੱਚ ਵਿਰੋਧੀ ਧਿਰ ਦੇ ਉਮੀਦਵਾਰਾਂ ਨੇ ਸੀਟਾਂ ਜਿੱਤੀਆਂ, ਕਈਆਂ ਨੇ ਤਾਂ ਬਹੁਤ ਹੀ ਘੱਟ ਫਰਕ ਨਾਲ ਜਿੱਤ ਹਾਸਲ ਕੀਤੀ। ਇਸ ਤੋਂ ਲੋਕਾਂ ਦੀ ਅਸਲ ਇੱਛਾ ਸ਼ਕਤੀ ਦਾ ਪਤਾ ਲਗਦਾ ਹੈ।”

ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਵਾਰ-ਵਾਰ ਨਕਾਰਿਆ ਗਿਆ ਹੈ ਕਿਉਂਕਿ ਉਹ ਕੋਈ ਵੀ ਸਕਾਰਾਤਮਕ ਏਜੰਡਾ ਪੇਸ਼ ਕਰਨ ਵਿੱਚ ਅਸਫਲ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੇ ਚਾਰ ਸਾਲਾਂ ਦੌਰਾਨ ਪੂਰੇ ਪੰਜਾਬ ਦੇ ਲੋਕ ‘ਆਪ’ ਅਤੇ ਇਸ ਦੀਆਂ ਲੋਕ-ਪੱਖੀ ਨੀਤੀਆਂ ਨਾਲ ਚੱਟਾਨ ਵਾਂਗ ਖੜ੍ਹੇ ਹਨ। ਅਸੀਂ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹਰ ਜ਼ਿਮਨੀ ਚੋਣ, ਪੰਚਾਇਤ ਚੋਣ, ਜ਼ਿਲ੍ਹਾ ਪ੍ਰੀਸ਼ਦ ਚੋਣ, ਨਗਰ ਨਿਗਮ ਚੋਣ ਅਤੇ ਹੋਰ ਚੋਣ ਮੁਕਾਬਲੇ ਜਿੱਤੇ ਹਨ। ਇਹ ਨਤੀਜੇ ਉਸ ਅਥਾਹ ਵਿਸ਼ਵਾਸ ਨੂੰ ਦਰਸਾਉਂਦੇ ਹਨ ਜੋ ਪੰਜਾਬੀਆਂ ਨੇ ਸਾਡੀ ਸਰਕਾਰ ਵਿੱਚ ਪ੍ਰਗਟਾਇਆ ਹੈ।”

ਹੋਰ ਖ਼ਬਰਾਂ :-  ਪੰਜਾਬ ਸਰਕਾਰ ਨੇ ਖੇਤੀਬਾੜੀ ਸੈਕਟਰ ਦੀ ਖੁਸ਼ਹਾਲੀ ਲਈ ਲਿਆਂਦੀਆਂ ਨਵੀਆਂ ਪਹਿਲਕਦਮੀਆਂ

ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਿੱਪਣੀ ਕੀਤੀ, “ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਹਮੇਸ਼ਾ ਕੇਵਲ ਸਿੰਘ ਢਿੱਲੋਂ ਨੂੰ ਹੀ ਸਮਝਿਆ ਜਾਂਦਾ ਸੀ। ਹੁਣ ਦੋਵੇਂ ਆਗੂ ਵੱਖੋ-ਵੱਖਰੇ ਰਾਹਾਂ ‘ਤੇ ਚੱਲਦੇ ਪ੍ਰਤੀਤ ਹੁੰਦੇ ਹਨ ਅਤੇ ਇਸ ਬਦਲਾਅ ਦੇ ਕਾਰਨ ਸਿਰਫ਼ ਉਹੀ ਜਾਣਦੇ ਹਨ। ਇਹ ਇੱਕ ਰਹੱਸ ਬਣਿਆ ਹੋਇਆ ਹੈ ਕਿ ਦੋਵਾਂ ਵਿਚਾਲੇ ਆਪਸੀ ਗਰਮਜੋਸ਼ੀ ਕਿਉਂ ਖ਼ਤਮ ਹੋ ਗਈ ਹੈ।”

ਪਿਛਲੇ ਸਿਆਸੀ ਘਟਨਾਕ੍ਰਮ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਸੰਗਰੂਰ ਤੋਂ ਚੋਣ ਲੜਨ ਵੇਲੇ ਕੇਵਲ ਸਿੰਘ ਢਿੱਲੋਂ ਦੀ ਹਮਾਇਤ ਕੀਤੀ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਜ਼ਾਦ ਉਮੀਦਵਾਰਾਂ ਨੇ ਵੀ ਭਾਜਪਾ ਨਾਲੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ।

ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਪੰਜਵੇਂ ਸਥਾਨ ‘ਤੇ ਧੱਕ ਦਿੱਤਾ ਹੈ। ਇਹ ਫਤਵਾ ਸਪੱਸ਼ਟ ਤੌਰ ‘ਤੇ ਲੋਕਾਂ ਦੁਆਰਾ ਇਸ ਦੇ ਨਕਾਰਾਤਮਕ ਏਜੰਡੇ ਨੂੰ ਰੱਦ ਕਰਨ ਦਾ ਪ੍ਰਤੀਕ ਹੈ।”
ਸੂਬੇ ਦੇ ਭਵਿੱਖ ਦੀਆਂ ਸਿਆਸੀ ਪ੍ਰਸਥਿਤੀਆਂ ‘ਤੇ ਭਰੋਸਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਗੱਲ ਸ਼ੀਸ਼ੇ ਵਾਂਗ ਸਾਫ਼ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ, ਅਕਾਲੀ ਅਤੇ ਭਾਜਪਾ ਦੂਜੇ, ਤੀਜੇ ਅਤੇ ਚੌਥੇ ਸਥਾਨ ਲਈ ਲੜਨਗੇ, ਜਦੋਂਕਿ ‘ਆਪ’ ਲੋਕਾਂ ਦੇ ਆਸ਼ੀਰਵਾਦ ਅਤੇ ਸਹਿਯੋਗ ਨਾਲ ਸੌਖਿਆ ਹੀ ਸਰਕਾਰ ਬਣਾਏਗੀ।”

Leave a Reply

Your email address will not be published. Required fields are marked *