ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਲੋਕ ਪੱਖੀ ਉਪਰਾਲਿਆਂ ਨੂੰ ਜਾਰੀ ਰੱਖਦਿਆਂ ਅੱਜ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੀ ਸ਼ੁਰੂਆਤ ਕੀਤੀ ਜਿਸ ਨਾਲ ਪੰਜਾਬ ਵਾਸੀਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਕੇ ਨਤਮਸਤਕ ਹੋਣ ਦੀ ਸਹੂਲਤ ਹਾਸਲ ਹੋਵੇਗੀ।
ਅੱਜ ਸ਼ੁਰੂ ਹੋਈ ਇਹ ਸਕੀਮ ਵਡੇਰੀ ਉਮਰ ਅਤੇ ਆਰਥਿਕ ਤੰਗੀ ਕਾਰਨ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਵਿਰਵੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ। ਪੰਜਾਬ ਵਾਸੀਆਂ ਦੇ ਸੁਪਨੇ ਸਾਕਾਰ ਕਰਨ ਲਈ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਇਸ ਸਕੀਮ ਦਾ ਆਗਾਜ਼ ਕੀਤਾ ਹੈ। ਇਸ ਸਕੀਮ ਤਹਿਤ ਪੰਜਾਬ ਤੋਂ ਜਾਣ ਵਾਲੇ ਨਾਗਰਿਕਾਂ ਨੂੰ ਏ.ਸੀ. ਬੱਸਾਂ ਜਾਂ ਏ.ਸੀ. ਰੇਲ ਗੱਡੀਆਂ ਰਾਹੀਂ ਸੂਬਾ ਜਾਂ ਦੇਸ਼ ਭਰ ਦੇ ਹੋਰ ਧਾਰਮਿਕ ਅਸਥਾਨ ਦੇ ਦਰਸ਼ਨ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ।
ਇਸ ਸਕੀਮ ਤਹਿਤ ਦੂਰ-ਦੁਰਾਡੇ ਵਾਲੇ ਅਸਥਾਨਾਂ ਲਈ ਰੇਲ ਯਾਤਰਾ ਜਦਕਿ ਸੜਕ ਰਸਤੇ ਘੱਟ ਦੂਰੀ ਵਾਲੇ ਅਸਥਾਨਾਂ ਲਈ ਬੱਸਾਂ ਦੀ ਸਹੂਲਤ ਮਿਲੇਗੀ। ਰੇਲ ਗੱਡੀ ਦੀ ਯਾਤਰਾ ਵਾਲੇ ਅਸਥਾਨਾਂ ਵਿੱਚ ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਹਿੰਦੂ ਤੀਰਥ ਅਸਥਾਨ ਵਾਰਾਨਸੀ, ਮਥੁਰਾ, ਸ੍ਰੀ ਵਰਿੰਦਾਵਨ ਧਾਮ ਅਤੇ ਮੁਸਲਿਮ ਧਾਰਮਿਕ ਸਥਾਨ ਸ੍ਰੀ ਅਜਮੇਰ ਸ਼ਰੀਫ਼ ਸ਼ਾਮਲ ਹਨ। ਮੌਜੂਦਾ ਵਿੱਤੀ ਵਰ੍ਹੇ ਦੌਰਾਨ ਵੱਖ-ਵੱਖ ਧਾਰਮਿਕ ਥਾਵਾਂ ਲਈ 13 ਵਾਤਾਨਕੂਲ ਰੇਲ ਗੱਡੀਆਂ ਭੇਜੀਆਂ ਜਾਣਗੀਆਂ ਅਤੇ ਹਰੇਕ ਰੇਲ ਗੱਡੀ ਵਿੱਚ 1000 ਯਾਤਰੀ ਹੋਣਗੇ।
ਸਫ਼ਰ ਦੌਰਾਨ ਯਾਤਰੀਆਂ ਦੀ ਸੌਖ ਲਈ ਭੋਜਨ, ਸਥਾਨਕ ਯਾਤਰਾ, ਸਵਾਗਤੀ ਕਿੱਟ ਅਤੇ ਰਹਿਣ-ਸਹਿਣ ਦੀ ਸਹੂਲਤ ਬਿਲਕੁਲ ਮੁਫ਼ਤ ਹੋਵੇਗੀ। ਵੱਖ-ਵੱਖ ਧਾਰਮਿਕ ਅਸਥਾਨਾਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਮਾਤਾ ਵੈਸ਼ਨੂੰ ਦੇਵੀ, ਮਾਤਾ ਜਵਾਲਾਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਨੈਣਾ ਦੇਵੀ ਜੀ, ਸ੍ਰੀ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾਜੀ ਧਾਮ ਜੀ ਦਰਸ਼ਨ ਏ.ਸੀ. ਬੱਸਾਂ ਰਾਹੀਂ ਕਰਵਾਏ ਜਾਣਗੇ। ਇਨ੍ਹਾਂ ਥਾਵਾਂ ਦੀ ਯਾਤਰਾ ਦੌਰਾਨ ਏ.ਸੀ. ਰਿਹਾਇਸ਼ ਅਤੇ ਭੋਜਨ ਮੁਹੱਈਆ ਕਰਵਾਇਆ ਜਾਵੇਗਾ।
ਯਾਤਰੀਆਂ ਦੀ ਸਹੂਲਤ ਲਈ ਸਵਾਗਤੀ ਕਿੱਟ ਦਿੱਤੀ ਜਾਵੇਗੀ ਜਿਸ ਵਿੱਚ ਇਕ ਬੈਗ, ਚਾਦਰ, ਕੰਬਲ, ਸਿਰਹਾਣਾ, ਪੇਸਟ, ਤੇਲ, ਸਾਬਣ, ਸ਼ੈਂਪੂ, ਬਰੱਸ਼, ਛਤਰੀ, ਸ਼ੀਸ਼ਾ ਅਤੇ ਹੋਰ ਸਾਮਾਨ ਹੋਵੇਗਾ। ਸੂਬਾ ਸਰਕਾਰ ਨੇ ਇਸ ਮਾਣਮੱਤੀ ਸਕੀਮ ਲਈ ਵਿੱਤੀ ਸਾਲ 2023-24 ਦੌਰਾਨ 40 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਜ਼ਿਕਰਯੋਗ ਹੈ ਕਿ ਸਾਰੇ ਪੰਜਾਬ ਵਾਸੀ ਇਸ ਸਕੀਮ ਦੀ ਸਹੂਲਤ ਹਾਸਲ ਕਰਨ ਲਈ ਯੋਗ ਹਨ ਅਤੇ ਯਾਤਰੀਆਂ ਦੀ ਚੋਣ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ।