ਮਲੋਟ/ਸ੍ਰੀ ਮੁਕਤਸਰ ਸਾਹਿਬ, 29 ਜੁਲਾਈ: ਪੰਜਾਬ ਸਰਕਾਰ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਅਤੇ ਡਿਪਟੀ ਡਾਇਰੈਕਟਰ (ਕਪਾਹ) ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਦੇ ਅਧੀਨ ਆਉਂਦੇ ਸਰਕਲ ਬਧਾਈ ਦੇ ਪਿੰਡ ਗੰਧੜ ਵਿਖੇ ‘ਮਿਸ਼ਨ ਫਾਰ ਕਾਟਨ ਪ੍ਰੋਡਕਟੀਵਿਟੀ’ (Mission for Cotton Productivity) ਅਧੀਨ ਖੇਤ ਦਿਵਸ (ਫ਼ੀਲਡ ਡੇ) ਆਯੋਜਿਤ ਕੀਤਾ ਗਿਆ।
ਇਸ ਮੌਕੇ ਡਾ. ਮਨਮੀਤ ਸਿੰਘ (ਏ.ਡੀ.ਓ.) ਨੇ ਨਰਮੇ/ਕਪਾਹ ਦੀ ਫਸਲ ਵਿੱਚ ਖਾਦਾਂ ਦੇ ਸਹੀ ਪ੍ਰਬੰਧਨ ਅਤੇ ਸੰਤੁਲਿਤ ਵਰਤੋਂ ਬਾਰੇ ਤਕਨੀਕੀ ਨੁਕਤੇ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਨਰਮੇ ਦੀ ਫਸਲ ਨੂੰ ਕੀੜੇ-ਮਕੌੜਿਆਂ (ਖਾਸ ਕਰਕੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ) ਦੇ ਹਮਲੇ ਤੋਂ ਬਚਾਉਣ ਲਈ ਸਰਵਪੱਖੀ ਕੀਟ ਪ੍ਰਬੰਧਨ ਦੇ ਅਹਿਮ ਨੁਕਤੇ ਦੱਸੇ। ਉਨ੍ਹਾਂ ਕਿਸਾਨਾਂ ਨੂੰ ਖੇਤਾਂ ਵਿੱਚੋਂ ਨਦੀਨਾਂ ਦੀ ਸਾਫ-ਸਫਾਈ ਰੱਖਣ ਅਤੇ ਨਰਮੇ ਦੀ ਫਸਲ ਦਾ ਲਗਾਤਾਰ ਸਰਵੇਖਣ (ਨਿਰੀਖਣ) ਕਰਦੇ ਰਹਿਣ ਲਈ ਆਖਿਆ ਤਾਂ ਜੋ ਕੀੜੇ-ਮਕੌੜਿਆਂ ਦਾ ਖਾਸ ਧਿਆਨ ਰੱਖਿਆ ਜਾ ਸਕੇ। ਉਨ੍ਹਾਂ ਨੇ ਜ਼ੋਰ ਦੇ ਕੇ ਸਲਾਹ ਦਿੱਤੀ ਕਿ ਖੇਤਾਂ ਵਿੱਚ ਪੀ.ਏ.ਯੂ. (PAU) ਵੱਲੋਂ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦਾ ਹੀ ਸਪ੍ਰੇਅ ਕੀਤਾ ਜਾਵੇ।
ਸ੍ਰੀਮਤੀ ਏਕਮਦੀਪ ਕੌਰ ਏ.ਐਸ.ਆਈ ਵੱਲੋਂ ਮਹਿਕਮੇ ਦੀਆਂ ਚੱਲ ਰਹੀਆਂ ਵੱਖ-ਵੱਖ ਕਿਸਾਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਉਹ ਬਾਜ਼ਾਰ ਵਿੱਚੋਂ ਕੋਈ ਵੀ ਬੀਜ, ਖਾਦ ਜਾਂ ਖੇਤੀ ਦਵਾਈਆਂ (ਇਨਪੁੱਟਸ) ਖਰੀਦਣ ਸਮੇਂ ਦੁਕਾਨਦਾਰ ਤੋਂ ਉਸ ਦਾ ਪੱਕਾ ਬਿੱਲ ਜ਼ਰੂਰ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਪੀ.ਐਮ. ਕਿਸਾਨ ਯੋਜਨਾ ਅਤੇ ਫਾਰਮਰ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਬਾਰੇ ਵੀ ਜਾਗਰੂਕ ਕੀਤਾ। ਅੰਤ ਵਿੱਚ ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਪਿੰਡ ਗੰਧੜ ਦੇ ਸਰਪੰਚ ਅੰਗਰੇਜ ਸਿੰਘ ਵੱਲੋਂ ਖੇਤ ਦਿਵਸ ਆਯੋਜਿਤ ਕਰਨ ਲਈ ਖੇਤੀਬਾੜੀ ਵਿਭਾਗ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਨੂੰ ਭਵਿੱਖ ਵਿੱਚ ਅਜਿਹੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਖੇਤ ਦਿਵਸ ਦਾ ਸਾਰਾ ਸੁਚੱਜਾ ਪ੍ਰਬੰਧ ਗਗਨਦੀਪ ਸਿੰਘ (ਸਹਾਇਕ ਟੈਕਨਾਲੋਜੀ ਮੈਨੇਜਰ) ਅਤੇ ਅਮਨਦੀਪ ਸਿੰਘ ਸੇਵਾਦਾਰ ਵੱਲੋਂ ਕੀਤਾ ਗਿਆ। ਇਸ ਮੌਕੇ ਪਿੰਡ ਗੰਧੜ ਦੇ ਸਰਪੰਚ ਅੰਗਰੇਜ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨ ਹਾਜ਼ਰ ਸਨ l