ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ, ਅਗਸਤ 13: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਪੰਜਾਬ ਭਰ ਵਿੱਚ ਸੜਕ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਅਵਾਜਾਈ ਨੈਟਵਰਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ 45000 ਕਿਲੋਮੀਟਰ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਦੇ   ਕੰਮ ਕਰਵਾਏ ਜਾ ਰਹੇ ਹਨ। ਮੀਟਿੰਗ ਦੌਰਾਨ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ  ਰਾਜ ਮਾਰਗਾਂ ਅਤੇ ਲਿੰਕ ਸੜਕਾਂ ਨਾਲ ਸਬੰਧਤ ਚੱਲ ਰਹੇ ਕੰਮਾਂ ਦੀ ਹਲਕਾ ਅਤੇ ਮੰਡਲ-ਵਾਰ ਸਥਿਤੀ ਦਾ ਮੁਲਾਂਕਣ ਕੀਤਾ।

 ਮਿੱਥੇ ਸਮੇ ਵਿੱਚ ਕੰਮਾਂ ਨੂੰ ਮੁਕੰਮਲ ਕਰਨ ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਨਸੂਨ ਸੀਜ਼ਨ ਦੌਰਾਨ ਵਿਭਾਗ ਅਧੀਨ ਆਉਂਦੀਆਂ ਸੜਕਾਂ ਦਾ ਲਗਾਤਾਰ ਨਿਰੀਖਣ ਕਰਕੇ ਆਵਾਜਾਈ ਨਿਰਵਿਘਨ ਜਾਰੀ ਰੱਖੀ ਜਾਵੇ। ਮੌਨਸੂਨ ਮੌਸਮ ਵਿੱਚ ਜਦੋਂ ਲੁੱਕ ਦੇ ਕੰਮ ਨਹੀਂ ਚਲ ਸਕਦੇ, ਡਬਲਿਊ. ਬੀ. ਐਮ. ਸੜਕਾਂ ਦੀ ਰੋਲਿੰਗ ਕਰਕੇ ਬਾਰਿਸ਼ਾਂ ਉਪਰੰਤ ਲੁੱਕ ਦੇ ਕੰਮ ਲਈ ਤਿਆਰ ਕਰਨ ਲਈ ਵੀ ਸੇਧ ਦਿੱਤੀ ਗਈ। ਉਨ੍ਹਾਂ ਨੇ ਮਹਿਕਮੇ ਦੇ ਅਧਿਕਾਰੀਆਂ ਨੂੰ ਪ੍ਰਗਤੀ ਦੀ ਰੋਜ਼ਾਨਾ ਆਧਾਰ ’ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।ਗੁਰੂ ਰਵਿਦਾਸ ਜੀ ਦੇ  650ਵੈਂ ਜਨਮ ਦਿਹਾੜੇ ਸਬੰਧੀ ਆਦਮਪੁਰ ਨੂੰ ਲਗਦੇ ਹਾਈਵੇ ਕੰਮਾਂ ਦਾ ਵੀ ਜਾਇਜਾ ਲਿਆ ਗਿਆ।                
ਕੁਆਲਿਟੀ ਕੰਟਰੋਲ ’ਤੇ ਜ਼ੋਰ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਚੰਗੀ ਮਿਆਰ ਦੇ ਕੰਮ ਕਰਵਾਉਣ ਨੂੰ ਯਕੀਨੀ ਬਣਾਉਣ ਦੀ ਸਰਕਾਰ ਦੀ ਨੀਤੀ ਬਾਰੇ ਆਗਾਹ ਕੀਤਾ ਤਾਂ ਜੋ ਲੋਕਾਂ ਦਾ ਪੈਸਾ ਕਿਸੇ ਵੀ ਰੂਪ ਵਿੱਚ ਬਰਬਾਦ ਨਾ ਹੋਵੇ। ਉਨ੍ਹਾਂ ਅੱਗੇ ਹਦਾਇਤ ਕੀਤੀ ਕਿ ਸਬੰਧਤ ਅਧਿਕਾਰੀਆਂ ਵੱਲੋਂ ਹਰ ਪੱਧਰ ’ਤੇ ਨਿਰੰਤਰ ਜਾਂਚ ਅਤੇ ਨਿਰੀਖਣ ਕੀਤਾ ਜਾਵੇ ਤਾਂ ਜੋ ਜ਼ਮੀਨੀ ਪੱਧਰ ’ਤੇ ਉੱਚ ਮਿਆਰਾਂ ਨੂੰ ਸਖ਼ਤੀ ਨਾਲ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਰ ਪੜਾਅ ’ਤੇ ਲੋੜੀਂਦੇ ਸਾਈਨ ਬੋਰਡ, ਲੇਨ ਮਾਰਕਿੰਗ ਅਤੇ ਕੁਆਲਿਟੀ ਕੰਟਰੋਲ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ।

ਹੋਰ ਖ਼ਬਰਾਂ :-  ਟਰੰਪ ਦੇ ਕਹਿਣ ਤੋਂ ਬਾਅਦ ਅਮਰੀਕਾ ਵਿੱਚ TikTok ਦੀ ਵਾਪਿਸੀ, ਛੋਟੇ ਵੀਡੀਓ ਐਪ ਵਿੱਚ ਅਮਰੀਕਾ ਹੋਵੇਗਾ 50% ਦਾ ਮਾਲਕ

ਕੈਬਨਿਟ ਮੰਤਰੀ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫੰਡਾਂ ਸਬੰਧੀ ਬਕਾਇਆ ਮੰਗਾਂ ਤੁਰੰਤ ਦਰਜ ਕਰਕੇ ਅਦਾਇਗੀਆਂ ਕੀਤੀਆਂ ਜਾਣ ਤਾਂ ਜੋ ਕੰਮਾਂ ਦੀ ਪ੍ਰਗਤੀ ਵਿੱਚ  ਕੋਈ ਦੇਰੀ ਨਾ ਹੋਵੇ।

ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਉਹ ਮੁੜ ਛੇਤੀ ਹੀ ਕੰਮਾਂ ਦੀ ਪ੍ਰਗਤੀ ਦੀ ਦੁਬਾਰਾ ਸਮੀਖਿਆ ਕਰਨਗੇ।

ਮੀਟਿੰਗ ਵਿੱਚ  ਸਕੱਤਰ ਲੋਕ ਨਿਰਮਾਣ ਰਵੀ ਭਗਤ, ਸੰਯੁਕਤ ਸਕੱਤਰ ਅਮਰਬੀਰ ਸਿੱਧੂ,ਇੰਜੀਨੀਅਰ-ਇਨ-ਚੀਫ਼ ਸ੍ਰੀ ਗਗਨਦੀਪ ਸਿੰਘ, ਮੁੱਖ ਇੰਜੀਨੀਅਰਜ਼ ਸ੍ਰੀ ਅਨਿਲ ਗੁਪਤਾ, ਸ਼੍ਰੀ ਅਰਸ਼ਦੀਪ  ਸਿੰਘ, ਅਤੇ  ਸੁਪਰੀਟੇਂਡਿੰਗ ਇੰਜੀਨੀਅਰਜ਼ ਸਣੇ ਕਾਰਜਕਾਰੀ ਇੰਜੀਨੀਅਰ ਸ਼ਾਮਿਲ  ਸਨ।

 

Leave a Reply

Your email address will not be published. Required fields are marked *