ਆਪ ਆਗੂ ਬਲਤੇਜ ਪੰਨੂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ ‘ਤੇ ਹਮਲੇ ਦੀ ਕੋਸ਼ਿਸ਼ ਦੀ ਕੀਤੀ ਨਿਖੇਧੀ

ਆਪ ਆਗੂ ਬਲਤੇਜ ਪੰਨੂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਹਮਲੇ ਦੀ ਕੋਸ਼ਿਸ਼ ਦੀ ਕੀਤੀ ਨਿਖੇਧੀ

ਚੰਡੀਗੜ੍ਹ 13 ਅਗਸਤ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਕੋਸ਼ਿਸ਼ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ, ਖਾਸ ਕਰਕੇ ਗੁਰਦੁਆਰਾ ਸਾਹਿਬ ਵਿਖੇ।

ਘਟਨਾ ਦੀ ਨਿਖੇਧੀ ਕਰਦਿਆਂ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “ਹਮਲੇ ਦੀ ਕੋਸ਼ਿਸ਼ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਕਿਸੇ ਧਾਰਮਿਕ ਸੰਸਥਾ ਵਿੱਚ ਅਜਿਹੀ ਹਿੰਸਾ ਲਈ ਕੋਈ ਥਾਂ ਨਹੀਂ ਹੈ, ਅਤੇ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਤੇ ਮਰਿਆਦਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।”

ਇਸ ਦੇ ਨਾਲ ਹੀ ਬਲਤੇਜ ਪੰਨੂ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਸੰਗਤ ਵਿੱਚ ਅਜੇ ਵੀ ਮੌਜੂਦ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ। ਅਕਾਲੀ ਦਲ ਨੇ ਪੰਥ ਦੇ ਨਾਂ ‘ਤੇ ਵੋਟਾਂ ਮੰਗ ਕੇ ਪੰਜ ਵਾਰ ਸਰਕਾਰ ਬਣਾਈ, ਪਰ ਇਸ ਦੀ ਸਰਕਾਰ ਦੇ ਸਮੇਂ 2015 ਵਿੱਚ ਕਈ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ।”

ਹੋਰ ਖ਼ਬਰਾਂ :-  ਹਰਿਆਣਾ ਸਰਕਾਰ ਦਾ ਵੱਡਾ ਫੈਸਲਾ: ਸ਼ਹੀਦ ਸੈਨਿਕਾਂ ਦੇ ਬੱਚਿਆਂ ਨੂੰ ਪ੍ਰਤੀ ਮਹੀਨਾ 8,000 ਰੁਪਏ ਮਿਲਣਗੇ,ਨੋਟੀਫਿਕੇਸ਼ਨ ਜਾਰੀ

ਇਹਨਾਂ ਘਟਨਾਵਾਂ ਤੋਂ ਬਾਅਦ ਹੋਏ ਰੋਸ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ, “ਜਦੋਂ ਲੋਕ ਬੇਅਦਬੀ ਦੇ ਖਿਲਾਫ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਲਈ ਬਾਹਰ ਆਏ, ਤਾਂ ਉਨ੍ਹਾਂ ‘ਤੇ ਗੰਦੇ ਪਾਣੀ ਦੀਆਂ ਵਾਟਰ ਕੈਨਨਾਂ ਅਤੇ ਫਾਇਰਿੰਗ ਤੱਕ ਕੀਤੀ ਗਈ, ਜਿਸ ਵਿੱਚ ਦੋ ਸਿੱਖਾਂ ਦੀ ਜਾਨ ਚਲੀ ਗਈ।”

ਉਨ੍ਹਾਂ ਕਿਹਾ, “ਉਨ੍ਹਾਂ ਘਟਨਾਵਾਂ ਦਾ ਦਰਦ ਅਤੇ ਰੋਸ ਅੱਜ ਵੀ ਸਿੱਖਾਂ ਦੇ ਮਨਾਂ ਵਿੱਚ ਜਿਉਂਦਾ ਹੈ। ਇਸ ਭਾਵਨਾ ਨੂੰ ਸਮਝਣ ਦੀ ਲੋੜ ਹੈ।”

ਆਪਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਬਲਤੇਜ ਪੰਨੂ ਨੇ ਕਿਹਾ, “ਜਦੋਂ ਕਿ ਕਿਸੇ ਵਿਅਕਤੀ ‘ਤੇ ਹਮਲੇ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ, ਅਕਾਲੀ ਦਲ ਨੂੰ 2015 ਦੀਆਂ ਘਟਨਾਵਾਂ ਤੋਂ ਉੱਭਰੀਆਂ ਭਾਵਨਾਵਾਂ ਅਤੇ ਗਿਲੇ-ਸ਼ਿਕਵਿਆਂ ਨੂੰ ਵੀ ਪ੍ਰਵਾਨ ਕਰਨਾ ਚਾਹੀਦਾ ਹੈ।”

ਬਲਤੇਜ ਪੰਨੂ ਨੇ ਕਿਹਾ, “ਗੁਰਦੁਆਰਾ ਸਾਹਿਬ ਦੀ ਮਰਿਆਦਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਧਾਰਮਿਕ ਅਸਥਾਨ ‘ਤੇ ਹਿੰਸਾ ਦੀ ਅਜਿਹੀ ਕੋਈ ਘਟਨਾ ਨਹੀਂ ਵਾਪਰਨੀ ਚਾਹੀਦੀ।” 

Leave a Reply

Your email address will not be published. Required fields are marked *