ਬਰਨਾਲਾ/ਮਹਿਲ ਕਲਾਂ, 7 ਸਤੰਬਰ- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਕਰਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ 4 ਤਹਿਤ ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਅੱਜ ਸ਼ਹੀਦ ਬੀਬੀ ਕਿਰਨਜੀਤ ਕੌਰ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਵਿਖੇ ਵਿਧਾਇਕ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਪੰਜਾਬ ਵਿਧਾਨ ਸਭਾ ਕੁਲਵੰਤ ਸਿੰਘ ਪੰਡੋਰੀ ਵਲੋਂ ਕੀਤਾ ਗਿਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇਹ ਖੇਡਾਂ ਸਾਡੇ ਨੌਜਵਾਨਾਂ ਦੇ ਬਹੁ-ਪੱਖੀ ਵਿਕਾਸ ਲਈ ਵਰਦਾਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਅਤੇ ਖੇਡ ਮੈਦਾਨਾਂ ਤੋਂ ਹੀ ਸਾਡੇ ਵੱਡੀ ਗਿਣਤੀ ਨੌਜਵਾਨ ਕੌਮਾਂਤਰੀ ਪੱਧਰ ਤੱਕ ਪੁੱਜਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਆਗਾਜ਼ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਕੱਲ੍ਹ ਬਠਿੰਡਾ ਤੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਰਾਜ ਪੱਧਰ ਉੱਤੇ ਸੋਨ ਤਗਮਾ ਜੇਤੂ ਨੂੰ 10 ਹਜਾਰ, ਚਾਂਦੀ ਦਾ ਤਗਮਾ ਜੇਤੂ ਨੂੰ 7 ਹਜਾਰ ਅਤੇ ਕਾਂਸੀ ਤਗਮਾ ਜੇਤੂ ਨੂੰ 5 ਹਜਾਰ ਰੁਪਏ ਮਿਲਣਗੇ ਅਤੇ ਸਰਕਾਰ ਵੱਲੋਂ ਕੁੱਲ 12.50 ਕਰੋੜ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਮੁਕਾਬਲੇ 7 ਤੇ 8 ਸਤੰਬਰ ਨੂੰ ਹੋਣਗੇ। ਫੁਟਬਾਲ ਦੇ ਮੁਕਾਬਲੇ ਸ਼ਹੀਦ ਬੀਬੀ ਕਿਰਨਜੀਤ ਕੌਰ ਸਰਕਾਰੀ ਸਕੂਲ ਮਹਿਲਕਲਾਂ ਵਿਖੇ, ਅਥਲੈਟਿਕਸ ਦੇ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡਿਅਮ ਬਰਨਾਲਾ, ਵਾਲੀਬਾਲ, ਸ਼ੂਟਿੰਗ ਤੇ ਸਮੈਸ਼ੰਗ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ ਤੇ ਖੋ ਖੋ ਮੁਕਾਬਲੇ ਪਿੰਡ ਦੀਵਾਨਾ ਦੇ ਸਟੇਡਿਅਮ ਵਿੱਚ ਹੋਣਗੇ।
ਉਨ੍ਹਾਂ ਦੱਸਿਆ ਕਿ ਬਲਾਕ ਸ਼ਹਿਣਾ ਦੇ ਮੁਕਾਬਲੇ 10 ਤੇ 11 ਸਤੰਬਰ ਨੂੰ ਹੋਣਗੇ। ਇਨ੍ਹਾਂ ਵਿੱਚ ਅਥਲੈਟਿਕਸ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਵਾਲੀਬਾਲ ਸ਼ੂਟਿੰਗ ਅਤੇ ਸਮੈਸ਼ੰਗ ਮੁਕਾਬਲੇ ਪਬਲਿਕ ਸਟੇਡਿਅਮ ਭਦੌੜ ਵਿਖੇ ਹੋਣਗੇ। ਖੋ ਖੋ ਮੁਕਾਬਲੇ ਮਾਤਾ ਗੁਜਰੀ ਪਬਲਿਕ ਸਕੂਲ ਭਦੌੜ ਵਿਖੇ ਹੋਣਗੇ। ਫੁਟਬਾਲ ਮੁਕਾਬਲੇ ਸ ਸ ਸ ਸਕੂਲ ਭਦੌੜ ਵਿਖੇ ਹੋਣਗੇ। ਬਲਾਕ ਬਰਨਾਲਾ ਦੇ ਮੁਕਾਬਲੇ 14 ਅਤੇ 15 ਸਤੰਬਰ 2026 ਨੂੰ ਕਰਵਾਏ ਜਾਣਗੇ। ਬਲਾਕ ਬਰਨਾਲਾ ਦੇ ਅਥਲੈਟਿਕਸ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ ਤੇ ਖੋ ਖੋ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡਿਅਮ, ਵਾਲੀਬਾਲ ਸ਼ੂਟਿੰਗ ਅਤੇ ਸਮੈਸ਼ੰਗ ਮੁਕਾਬਲੇ ਸ ਸ ਸ ਸਕੂਲ ਰੂੜੇਕੇ ਕਲਾਂ, ਫੁਟਬਾਲ ਮੁਕਾਬਲੇ ਖੇਡ ਸਟੇਡੀਅਮ ਪਿੰਡ ਕੋਟਦੁਨਾ ਵਿਖੇ ਹੋਣਗੇ।
ਇਸ ਮੌਕੇ ਖੇਡ ਵਿਭਾਗ ਤੋਂ ਕੋਚ ਗੁਰਵਿੰਦਰ ਕੌਰ, ਕੋਚ ਜਸਪ੍ਰੀਤ ਸਿੰਘ ਤੇ ਹੋਰ ਕੋਚ ਮੌਜੂਦ ਸਨ।
ਖੇਡਾਂ ਵਤਨ ਪੰਜਾਬ ਦੀਆਂ: ਬਲਾਕ ਮਹਿਲ ਕਲਾਂ ਦੀਆਂ ਖੇਡਾਂ ਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਆਗਾਜ਼