ਮਾਲੇਰਕੋਟਲਾ, 8 ਸਤੰਬਰ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ, ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਮਾਲੇਰਕੋਟਲਾ ਦੀਆਂ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਵੀ ਖਿਡਾਰੀਆਂ ਵਿੱਚ ਭਰਵਾਂ ਉਤਸ਼ਾਹ ਦੇਖਣ ਨੂੰ ਮਿਲਿਆ। ਦੂਜੇ ਦਿਨ ਕਰੀਬ 450 ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਅਤੇ ਖੇਡ ਜਜ਼ਬੇ ਦਾ ਪ੍ਰਦਰਸ਼ਨ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੁੱਟਬਾਲ ਦੇ ਅੰਡਰ-14 ਵਰਗ ਦੇ ਸੈਮੀਫਾਈਨਲ ਮੁਕਾਬਲੇ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਕਰਵਾਏ ਗਏ। ਪਹਿਲੇ ਸੈਮੀਫਾਈਨਲ ਵਿੱਚ ਸਟੇਡੀਅਮ ਦੀ ਟੀਮ ਨੇ ਅਲਕੌਸਰ ਅਕੈਡਮੀ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ, ਜਦਕਿ ਦੂਜੇ ਸੈਮੀਫਾਈਨਲ ਵਿੱਚ ਅਲਕੌਸਰ-ਏ ਦੀ ਟੀਮ ਨੇ ਅਲਫਲਾਹ ਦੀ ਟੀਮ ਨੂੰ 3-1 ਨਾਲ ਹਰਾ ਕੇ ਫਾਈਨਲ ਲਈ ਆਪਣਾ ਸਥਾਨ ਪੱਕਾ ਕੀਤਾ।
ਉਨ੍ਹਾਂ ਦੱਸਿਆ ਕਿ ਐਥਲੈਟਿਕਸ ਦੇ 100 ਮੀਟਰ ਦੌੜ ਮੁਕਾਬਲਿਆਂ ਵਿੱਚ ਵੀ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਜੋਸ਼ ਨਾਲ ਹਿੱਸਾ ਲਿਆ। 70 ਸਾਲ ਤੋਂ ਵੱਧ ਉਮਰ ਵਰਗ ਵਿੱਚ ਰਾਧਾ ਕ੍ਰਿਸ਼ਨ ਕਾਲੜਾ ਨੇ ਪਹਿਲਾ ਅਤੇ ਮੁਹੰਮਦ ਸਫੀਕ ਖਾਨ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 61 ਤੋਂ 70 ਸਾਲ ਉਮਰ ਵਰਗ ਵਿੱਚ ਲਾਭ ਸਿੰਘ ਪਹਿਲੇ ਅਤੇ ਨਜ਼ੀਰ ਵਕੀਲ ਦੂਜੇ ਸਥਾਨ ’ਤੇ ਰਹੇ।
ਕੁਲਦੀਪ ਚੁੱਘ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਮੰਚ ਦੇਣ ਦੇ ਨਾਲ ਤੰਦਰੁਸਤ ਅਤੇ ਅਨੁਸ਼ਾਸਿਤ ਜੀਵਨ-ਸ਼ੈਲੀ ਵੱਲ ਪ੍ਰੇਰਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜਿਆ ਨੌਜਵਾਨ ਆਪਣੀ ਊਰਜਾ ਨੂੰ ਸਾਰਥਕ ਦਿਸ਼ਾ ਵੱਲ ਲੈ ਜਾਂਦਾ ਹੈ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਵੱਲੋਂ ਬਲਾਕ ਪੱਧਰੀ ਮੁਕਾਬਲਿਆਂ ਨੂੰ ਸੁਚੱਜੇ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ ਤਾਂ ਜੋ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਆਪਣੀ ਖੇਡ ਸਮਰੱਥਾ ਵਿਖਾਉਣ ਲਈ ਢੁਕਵਾਂ ਮੰਚ ਮਿਲ ਸਕੇ।