ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਰਾਜ ਪੱਧਰੀ ਜਨਗਣਨਾ ਤਾਲਮੇਲ ਕਮੇਟੀ ਮੀਟਿੰਗ ਵਿੱਚ ਤਿਆਰੀਆਂ ਦੀ ਸਮੀਖਿਆ

Chief Secretary K.A.P. Sinha reviews preparations at State Level Census Coordination Committee meeting

ਚੰਡੀਗੜ੍ਹ, 11 ਸਤੰਬਰ – ਅੱਜ ਇੱਥੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਦੀ ਪ੍ਰਧਾਨਗੀ ਹੇਠ ਜਨਗਣਨਾ 2027 ਲਈ ਰਾਜ ਪੱਧਰੀ ਜਨਗਣਨਾ ਤਾਲਮੇਲ ਕਮੇਟੀ (ਐਸ.ਐਲ.ਸੀ.ਸੀ.ਸੀ.) ਦੀ ਚੌਥੀ ਮੀਟਿੰਗ ਹੋਈ।

ਮੀਟਿੰਗ ਵਿੱਚ ਰਾਜ ਦੇ ਨੋਡਲ ਅਫ਼ਸਰ ਸ੍ਰੀ ਘਨਸ਼ਿਆਮ ਥੋਰੀ ਅਤੇ ਐਸ.ਐਲ.ਸੀ.ਸੀ.ਸੀ. ਦੇ ਸਮੂਹ ਮੈਂਬਰ ਸਾਹਿਬਾਨ ਸ਼ਾਮਲ ਹੋਏ। ਇਸਦੇ ਨਾਲ ਹੀ ਸਮੂਹ ਡਿਪਟੀ ਕਮਿਸ਼ਨਰ/ਮਿਊਂਸਪਲ ਕਾਰਪੋਰੇਸ਼ਨਾਂ ਦੇ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ (ਪੀ.ਸੀ.ਓਜ਼) ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ।

ਸ੍ਰੀ ਕੇ.ਏ.ਪੀ. ਸਿਨਹਾ ਨੇ ਨਿਰਧਾਰਤ ਕੰਮ ਨੂੰ ਪੂਰੀ ਲਗਨ ਅਤੇ ਸਮਾਂ-ਸੀਮਾ ਅੰਦਰ ਮੁਕੰਮਲ ਕਰਨ ਲਈ ਪੀ.ਸੀ.ਓਜ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਫੀਲਡ ਟ੍ਰੇਨਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਦਾ ਕੰਮ 15 ਸਤੰਬਰ, 2026 ਤੱਕ ਅਤੇ ਇਨਿਊਮਰੇਸ਼ਨ ਬਲਾਕਾਂ ਤੇ ਸੁਪਰਵਾਈਜ਼ਰਾਂ/ਇਨਿਊਮਰੇਟਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਦਾ ਕੰਮ 30 ਸਤੰਬਰ, 2026 ਤੱਕ ਮੁਕੰਮਲ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨਿਰਦੇਸ਼ ਦਿੱਤੇ ਕਿ ਦੂਜੇ ਪੜਾਅ ਦੀਆਂ ਸਾਰੀਆਂ ਤਿਆਰੀਆਂ ਸਬੰਧੀ ਗਤੀਵਿਧੀਆਂ 10 ਨਵੰਬਰ, 2026 ਤੋਂ ਪਹਿਲਾਂ ਮੁਕੰਮਲ ਕੀਤੀਆਂ ਜਾਣ।

ਕਮੇਟੀ ਵੱਲੋਂ ਇਨਿਊਮਰੇਸ਼ਨ ਬਲਾਕਾਂ ਦੇ ਗਠਨ, ਬੇਘਰੇ ਲੋਕਾਂ, ਸੰਸਥਾਗਤ ਪਰਿਵਾਰਾਂ ਦੀ ਗਣਨਾ ਅਤੇ ਸਾਰੇ ਦੂਰੇ-ਦੁਰਾਡੇ ਦੇ ਇਲਾਕਿਆਂ ਨੂੰ ਕਵਰ ਕਰਨ ਸਬੰਧੀ ਦਿਸ਼ਾ-ਨਿਰਦੇਸ਼ਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਹਰ ਪੱਧਰ ‘ਤੇ ਪੀ.ਸੀ.ਓਜ਼, ਐਸ.ਡੀ.ਐਮਜ਼ ਅਤੇ ਚਾਰਜ ਅਫ਼ਸਰਾਂ ਦੀਆਂ ਭੂਮਿਕਾਵਾਂ ਨੂੰ ਸਪੱਸ਼ਟ ਜਵਾਬਦੇਹੀ ਨਾਲ ਦੁਹਰਾਇਆ ਗਿਆ ਚੇਅਰਮੈਨ ਨੇ ਹਦਾਇਤ ਕੀਤੀ ਕਿ ਜਨਗਣਨਾ ਡਿਊਟੀ ਤੋਂ ਛੋਟ ਐਸ.ਡੀ.ਐਮ. ਪੱਧਰ ਤੋਂ ਹੇਠਾਂ ਕਿਸੇ ਵੀ ਅਧਿਕਾਰੀ ਵੱਲੋਂ ਮਨਜ਼ੂਰ ਨਹੀਂ ਕੀਤੀ ਜਾਵੇਗੀ।

ਪੀ.ਸੀ.ਓਜ਼ ਨੂੰ ਸਾਰੇ ਖੇਤਰਾਂ ਦੀ ਮੁਕੰਮਲ ਕਵਰੇਜ ਯਕੀਨੀ ਬਣਾਉਣ, ਬਿਨਾਂ ਕਿਸੇ ਊਣਤਾਈ ਦੇ ਪੂਰੀ ਸ਼ੁੱਧਤਾ ਨਾਲ ਜਨਗਣਨਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਪੀ.ਸੀ.ਓਜ਼ ਨੂੰ ਬੇਘਰ ਆਬਾਦੀ ਦੀ ਗਣਨਾ ਲਈ ਠੋਸ ਕਾਰਜ ਯੋਜਨਾ ਤਿਆਰ ਕਰਨ, ਸਾਰੇ ਸੰਸਥਾਗਤ ਘਰਾਂ, ਝੁੱਗੀ-ਝੌਂਪੜੀਆਂ, ਦੂਰ-ਦੁਰਾਡੇ ਦੇ ਇਲਾਕਿਆਂ ਅਤੇ ਨਵੇਂ ਵਿਕਸਤ ਖੇਤਰਾਂ ਦੀ ਕਵਰੇਜ ਯਕੀਨੀ ਬਣਾਉਣ, ਨਿਯਮਤ ਨਿਰੀਖਣ ਅਤੇ ਹਫ਼ਤਾਵਾਰੀ ਸਮੀਖਿਆਵਾਂ ਕਰਨ ਅਤੇ ਮਿਸ਼ਨ ਮੋਡ ਵਿੱਚ ਆਬਾਦੀ ਦੀ ਗਣਨਾ ਨੂੰ ਦੇ ਕਾਰਜ ਨੂੰ ਅੰਜ਼ਾਮ ਦੇਣ ਦੇ ਨਿਰਦੇਸ਼ ਦਿੱਤੇ ਗਏ।

ਮੁੱਖ ਸਕੱਤਰ ਨੇ ਪ੍ਰਬੰਧਕੀ ਸਕੱਤਰ-ਕਮ-ਨੋਡਲ ਅਫ਼ਸਰ, ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਪਹਿਲੇ ਪੜਾਅ ਦੇ ਸਾਰੇ ਜਨਗਣਨਾ ਕਰਮਚਾਰੀਆਂ ਨੂੰ ਮਾਣ-ਭੱਤੇ ਦੀ ਅਦਾਇਗੀ ਪਹਿਲ ਦੇ ਆਧਾਰ ‘ਤੇ ਯਕੀਨੀ ਬਣਾਈ ਜਾਵੇ ਅਤੇ ਪਹਿਲੇ ਪੜਾਅ ਦੇ ਕੰਮ ਦੇ ਯੂਟੀਲਾਈਜ਼ੇਸ਼ਨ ਸਰਟੀਫਿਕੇਟ ਜਲਦ ਤੋਂ ਜਲਦ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ, ਭਾਰਤ ਨੂੰ ਸੌਂਪੇ ਜਾਣ।

ਉਨ੍ਹਾਂ ਅੱਗੇ ਨਿਰਦੇਸ਼ ਦਿੱਤੇ ਕਿ ਆਬਾਦੀ ਗਣਨਾ ਦੇ ਦੂਜੇ ਪੜਾਅ ਲਈ ਬਜਟ ਦੀ ਲੋੜ ਦਾ ਮੁਲਾਂਕਣ ਕਰਕੇ ਫੰਡਾਂ ਦੀ ਸਮੇਂ ਸਿਰ ਅਦਾਇਗੀ ਲਈ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ, ਭਾਰਤ ਨੂੰ ਭੇਜਿਆ ਜਾਵੇ ਅਤੇ ਸਵੈ-ਗਣਨਾ ਤੇ ਜਨਗਣਨਾ ਕਾਰਜ ਦਾ ਵਿਆਪਕ ਪ੍ਰਚਾਰ ਵੀ ਕੀਤਾ ਜਾਵੇ।

ਹੋਰ ਖ਼ਬਰਾਂ :-  ਮਨਰੇਗਾ ਨੂੰ ਖਤਮ ਕਰਨ ਵਿੱਚ ਅਕਾਲੀ ਦਲ ਦੀ ਮਿਲੀਭੁਗਤ, ਅਕਾਲੀ ਦਲ ਦੀ ਚੁੱਪੀ ਭਾਜਪਾ ਨਾਲ ਉਨ੍ਹਾਂ ਦੇ ਗੁਪਤ ਸਮਝੌਤੇ ਦਾ ਪਰਦਾਫਾਸ਼ ਕਰਦੀ ਹੈ: ਕੁਲਦੀਪ ਧਾਲੀਵਾਲ

ਚੇਅਰਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਐਸ.ਐਲ.ਸੀ.ਸੀ.ਸੀ. ਦੇ ਸਾਰੇ ਮੈਂਬਰਾਂ ਵਿਚਕਾਰ ਨਜ਼ਦੀਕੀ ਅੰਤਰ-ਵਿਭਾਗੀ ਤਾਲਮੇਲ ਹੀ ਦੂਜੇ ਪੜਾਅ ਦੀ ਸਫਲਤਾ ਦੀ ਕੁੰਜੀ ਹੈ ਅਤੇ ਉਨ੍ਹਾਂ ਸਮੂਹ ਵਿਭਾਗਾਂ ਨੂੰ ਪੂਰਨ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ।

ਇਸ ਤੋਂ ਪਹਿਲਾਂ ਡਾਇਰੈਕਟਰ, ਜਨਗਣਨਾ ਸੰਚਾਲਨ, ਪੰਜਾਬ-ਕਮ-ਕਨਵੀਨਰ, ਐਸ.ਐਲ.ਸੀ.ਸੀ.ਸੀ. ਡਾ. ਨਵਜੋਤ ਖੋਸਾ ਨੇ ਕਮੇਟੀ ਨੂੰ ਜਾਣੂ ਕਰਵਾਇਆ ਕਿ ਸੂਬੇ ਵਿੱਚ ਪਹਿਲਾ ਪੜਾਅ ਭਾਵ ਮਕਾਨਾਂ ਦਾ ਸੂਚੀਕਰਨ ਅਤੇ ਹਾਊਸਿੰਗ ਜਨਗਣਨਾ (ਐਚ.ਐਲ.ਓ.) ਸਫਲਤਾਪੂਰਵਕ ਮੁਕੰਮਲ ਹੋ ਚੁੱਕਾ ਹੈ।

ਕਨਵੀਨਰ ਨੇ ਅੱਗੇ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰਬਰ ਐਸ. ਓ. 4919(ਈ) ਮਿਤੀ 5 ਸਤੰਬਰ, 2026 ਰਾਹੀਂ ਦੂਜੇ ਪੜਾਅ (ਦੂਜਾ ਪੜਾਅ) ਲਈ ਸਮਾਂ-ਸਾਰਣੀ ਜਾਰੀ ਕਰ ਦਿੱਤੀ ਗਈ ਹੈ।

ਨੋਟੀਫਿਕੇਸ਼ਨ ਅਨੁਸਾਰ, ਸਵੈ-ਗਣਨਾ 16 ਤੋਂ 30 ਨਵੰਬਰ, 2026 ਤੱਕ, ਜਨਸੰਖਿਆ ਦੀ ਗਣਨਾ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ, ਰਿਵੀਜਨ ਰਾਊਂਡ 5 ਤੋਂ 9 ਜਨਵਰੀ, 2027 ਤੱਕ ਹੋਵੇਗਾ ਅਤੇ ਇਬ ਸਬੰਧ ਵਿੱਚ ਮਿਤੀ ਰੈਫਰੈਂਸ ਮਿਤੀ 5 ਜਨਵਰੀ, 2027 ਨੂੰ 00:00 ਵਜੇ ਹੋਵੇਗੀ। ਚੇਅਰਮੈਨ ਨੇ ਹਦਾਇਤ ਕੀਤੀ ਕਿ ਇਸ ਨੋਟੀਫਿਕੇਸ਼ਨ ਨੂੰ ਜਲਦ ਤੋਂ ਜਲਦ ਸੂਬੇ ਦੇ ਗਜ਼ਟ ਵਿੱਚ ਦੁਬਾਰਾ ਪ੍ਰਕਾਸ਼ਿਤ ਕੀਤਾ ਜਾਵੇ।

ਦੂਜੇ ਪੜਾਅ ਲਈ ਟ੍ਰੇਨਿੰਗ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਮਾਸਟਰ ਟ੍ਰੇਨਰਾਂ ਦੀ ਟ੍ਰੇਨਿੰਗ 9 ਤੋਂ 12 ਸਤੰਬਰ, 2026 ਤੱਕ ਐਨ.ਆਈ.ਟੀ.ਟੀ.ਟੀ.ਆਰ, ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ; ਚਾਰਜ ਅਫਸਰਾਂ ਦੀ ਸਿਖਲਾਈ 15 ਤੋਂ 18 ਸਤੰਬਰ, 2026 ਤੱਕ ਨਿਰਧਾਰਤ ਕੀਤੀ ਗਈ ਹੈ; ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਮਾਸਟਰ ਟ੍ਰੇਨਰਾਂ ਵੱਲੋਂ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ 21 ਤੋਂ 30 ਸਤੰਬਰ, 2026 ਤੱਕ ਮੁਕੰਮਲ ਕੀਤੀ ਜਾਵੇਗੀ ਅਤੇ ਚਾਰਜ ਪੱਧਰ ‘ਤੇ ਇਨਿਮੂਰੇਟਰ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ 5 ਅਕਤੂਬਰ ਤੋਂ 10 ਨਵੰਬਰ, 2026 ਤੱਕ ਕਰਵਾਈ ਜਾਵੇਗੀ।

ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਜਨਗਣਨਾ 2027 ਪਹਿਲੀ ਡਿਜੀਟਲ ਜਨਗਣਨਾ ਹੋਵੇਗੀ, ਜੋ ਬੀ.ਵਾਈ.ਓ.ਡੀ. ਮਾਡਲ ‘ਤੇ ਮੋਬਾਈਲ ਐਪ ਰਾਹੀਂ 16 ਭਾਸ਼ਾਵਾਂ ਵਿੱਚ ਉਪਲਬਧ ਸਵੈ-ਗਣਨਾ ਪੋਰਟਲ ਅਤੇ ਸੀ.ਐਮ.ਐਮ. ਐਸ ਪੋਰਟਲ ਰਾਹੀਂ ਕਰਵਾਈ ਜਾਵੇਗੀ। ਪੀ.ਸੀ.ਓਜ਼ ਨੂੰ ਜ਼ਿਲ੍ਹਾ-ਵਾਰ ਸਵੈ-ਗਣਨਾ ਸਬੰਧੀ ਯੋਜਨਾਵਾਂ ਤਿਆਰ ਕਰਨ ਲਈ ਕਿਹਾ ਗਿਆ ਤਾਂ ਜੋ ਵੱਧ ਤੋਂ ਵੱਧ ਲੋਕ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ।

ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ-ਕਮ-ਨੋਡਲ ਅਫ਼ਸਰ ਘਨਸ਼ਿਆਮ ਥੋਰੀ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਸਾਰੇ ਪੀ.ਸੀ.ਓਜ਼ ਨੂੰ ਨਿਰਦੇਸ਼ ਦੇਣ ਕਿ ਉਹ ਚਾਰਜ ਅਫਸਰਾਂ ਰਾਹੀਂ ਅਕਤੂਬਰ 2026 ਦੇ ਪਹਿਲੇ ਹਫ਼ਤੇ ਤੱਕ ਡਿਸਟ੍ਰਿਕਟ ਸੈਂਸਸ ਹੈਂਡਬੁੱਕ (ਡੀ.ਸੀ.ਐਚ.ਬੀ.), ਵਿਲੇਜ ਡਾਇਰੈਕਟਰੀ ਅਤੇ ਟਾਊਨ ਡਾਇਰੈਕਟਰੀ ਦੇ ਡੇਟਾ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਸਹੀ ਤਸਦੀਕ ਯਕੀਨੀ ਬਣਾਉਣ ਅਤੇ ਇਸ ਸਬੰਧੀ ਪਾਲਣਾ ਰਿਪੋਰਟ ਜਮ੍ਹਾਂ ਕਰਵਾਉਣ।

ਇਸ ਸਬੰਧੀ ਮੁੱਖ ਸਕੱਤਰ, ਪੰਜਾਬ ਦੀ ਪ੍ਰਧਾਨਗੀ ਹੇਠ 21 ਸਤੰਬਰ, 2026 ਨੂੰ ਮੁੱਖ ਗਣਨਾ ਅਧਿਕਾਰੀਆਂ ਨਾਲ ਕਾਨਫਰੰਸ ਕਰਵਾਉਣ ਦਾ ਫੈਸਲਾ ਕੀਤਾ ਗਿਆ।

 

Leave a Reply

Your email address will not be published. Required fields are marked *