ਯੁੱਧ ਨਸ਼ਿਆਂ ਵਿਰੁੱਧ’ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਵੱਲੋਂ 60,582 ਐਫ.ਆਈ.ਆਰ. ਦਰਜ: ਡੀ.ਜੀ.ਪੀ. ਗੌਰਵ ਯਾਦਵ

Punjab Police Logo

ਚੰਡੀਗੜ੍ਹ, 14 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦ੍ਰਿੜ੍ਹ ਅਗਵਾਈ ਹੇਠ, ਪੰਜਾਬ ਪੁਲਿਸ ਨੇ ਆਪਣੀ ਪ੍ਰਮੁੱਖ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 60,582 ਐਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਅਤੇ 354 ਵਪਾਰਕ ਪੱਧਰ ਦੇ ਮਾਮਲਿਆਂ ਵਿੱਚ 708 ਵੱਡੀਆਂ ਮੱਛੀਆਂ ਸਮੇਤ 79,784 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਹਰੇਕ ਮਾਮਲੇ ਵਿੱਚ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ 1 ਮਾਰਚ 2025 ਤੋਂ 10 ਸਤੰਬਰ 2026 ਤੱਕ ਨਸ਼ਾ ਵਿਰੋਧੀ ਮੋਰਚੇ ‘ਤੇ ਹਾਸਲ ਕੀਤੀਆਂ ਇਤਿਹਾਸਕ ਪ੍ਰਾਪਤੀਆਂ  ਸਾਂਝੀਆਂ ਕੀਤੀਆਂ ਅਤੇ ਇਸਦੇ ਨਾਲ ਹੀ ਕਾਊਂਟਰ ਇੰਟੈਲੀਜੈਂਸ ਵਿੰਗ ਦੁਆਰਾ ਹਾਸਲ ਕੀਤੀਆਂ ਵਿਆਪਕ ਸਫ਼ਲਤਾਵਾਂ ਦਾ ਵੇਰਵਾ ਵੀ ਦਿੱਤਾ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਅਰਸੇ ਦੌਰਾਨ ਕੁੱਲ ਨਸ਼ਾ ਬਰਾਮਦਗੀ ਵਿੱਚ ਰਿਕਾਰਡ 3,803 ਕਿਲੋ ਹੈਰੋਇਨ, 976 ਕਿਲੋ ਅਫ਼ੀਮ, 46 ਟਨ ਭੁੱਕੀ, 1,325 ਕਿਲੋ ਗਾਂਜਾ ਅਤੇ 78 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਸ਼ਾਮਲ ਹਨ। ਡੀਜੀਪੀ ਨੇ ਦੱਸਿਆ ਕਿ ਇਸ ਬਰਾਮਦਗੀ ਨਾਲ ਦੇਸ਼ ਭਰ ਦੀ ਕੁੱਲ ਹੈਰੋਇਨ ਬਰਾਮਦਗੀ ਵਿੱਚ ਪੰਜਾਬ ਦਾ ਹਿੱਸਾ ਲਗਭਗ 60 ਫ਼ੀਸਦ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਦੀ ਅਗਵਾਈ ਹੇਠ ਪੇਸ਼ੇਵਰ ਅਤੇ ਵਿਗਿਆਨਕ ਤਫ਼ਤੀਸ਼ਾਂ ਨੇ ਪੰਜਾਬ ਵਿੱਚ ਸਜ਼ਾ ਦਰ ਨੂੰ 89 ਫ਼ੀਸਦ ਤੱਕ ਪਹੁੰਚਾ ਦਿੱਤਾ ਹੈ, ਜੋ ਸਮੁੱਚੇ ਦੇਸ਼ ਵਿੱਚ ਇੱਕ ਮਾਪਦੰਡ ਸਥਾਪਤ ਕਰਦਾ ਹੈ। 1 ਮਾਰਚ 2025 ਤੋਂ ਹੁਣ ਤੱਕ 13,430 ਐਨਡੀਪੀਐਸ ਮਾਮਲਿਆਂ ਦਾ ਫੈਸਲਾ ਕੀਤਾ ਗਿਆ, ਜਿਨ੍ਹਾਂ ਵਿੱਚੋਂ 11,981 ਮਾਮਲਿਆਂ ਵਿੱਚ ਸਜ਼ਾਵਾਂ ਹੋਈਆਂ।

ਏ.ਐਨ.ਟੀ.ਐਫ. ਆਪ੍ਰੇਸ਼ਨਲ ਮਾਡਲ ਦੀ ਕੌਮੀ ਪੱਧਰ ‘ਤੇ ਸ਼ਲਾਘਾ ਹੋਈ ਹੈ ਅਤੇ ਏ.ਡੀ.ਜੀ.ਪੀ. ਏ.ਐਨ.ਟੀ.ਐਫ. ਨੀਲਭ ਕਿਸ਼ੋਰ ਨੇ ਹਾਲ ਹੀ ਵਿੱਚ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਿਸ ਅਕਾਦਮੀ (ਐਸਵੀਪੀਐਨਪੀਏ), ਹੈਦਰਾਬਾਦ ਵਿਖੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀਆਂ ਨੂੰ ਨਸ਼ਾ ਤਸਕਰੀ ਨਾਲ ਨਜਿੱਠਣ ਅਤੇ ਪੇਸ਼ੇਵਰ ਜਾਂਚ ਰਾਹੀਂ ਦੋਸ਼ੀ ਠਹਿਰਾਉਣ ਦੀ ਦਰ ਵਿੱਚ ਹੋਏ ਵਾਧੇ ਬਾਰੇ ਦੱਸਿਆ।

ਹੋਰ ਖ਼ਬਰਾਂ :-  ਪੰਜਾਬ ਸਰਕਾਰ ਨੇ ਬਦਲਦੇ ਮੌਸਮ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦਾ ਫੈਸਲਾ ਕੀਤਾ

ਗੈਰ-ਕਾਨੂੰਨੀ ਨਸ਼ਾ ਵਪਾਰ ਦੇ ਵਿੱਤੀ ਸਰੋਤਾਂ ਨੂੰ ਰੋਕਣ ਬਾਰੇ ਡੀਜੀਪੀ ਨੇ ਦੱਸਿਆ ਕਿ ਐਨਡੀਪੀਐਸ ਐਕਟ ਦੀ ਧਾਰਾ 68-ਐਫ ਤਹਿਤ ਸਮਰੱਥ ਅਧਿਕਾਰੀ ਦੁਆਰਾ ਮਨਜ਼ੂਰ ਕੀਤੇ 914 ਮਾਮਲਿਆਂ ਵਿੱਚ 366 ਕਰੋੜ ਰੁਪਏ ਦੀ ਸੰਪਤੀ ਜ਼ਬਤ/ਸੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ 102 ਹਵਾਲਾ ਆਪ੍ਰੇਟਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਹਵਾਲਾ ਫੰਡਾਂ ਵਿੱਚ 11 ਕਰੋੜ ਰੁਪਏ ਦੀ ਬਰਾਮਦਗੀ ਕੀਤੀ।

ਆਧੁਨਿਕ ਤਕਨਾਲੋਜੀ ਅਤੇ ਜਨਤਕ ਭਾਈਵਾਲੀ ਬਾਰੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਆਧਾਰਿਤ “ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ” (ਪੀਏਆਈਐਸ) ਨੂੰ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਰਾਹੀਂ 4.60 ਕਰੋੜ ਤਲਾਸ਼ੀਆਂ ਲਈਆਂ ਗਈਆਂ ਅਤੇ 4 ਲੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਈ।

ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਦੀ ਇਨਾਮ ਨੀਤੀ ਤਹਿਤ, ਖੁਫੀਆ ਜਾਣਕਾਰੀ ਅਤੇ ਡਰੋਨ ਬਰਾਮਦਗੀ ਲਈ 2,362 ਆਮ ਨਾਗਰਿਕਾਂ ਅਤੇ ਪੁਲਿਸ ਕਰਮਚਾਰੀਆਂ ਨੂੰ 3.33 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

16 ਮਾਰਚ 2022 ਤੋਂ 11 ਸਤੰਬਰ 2026 ਤੱਕ ਅੱਤਵਾਦੀਆਂ ਵਿਰੁੱਧ ਕੀਤੀ ਕਾਰਵਾਈ ਦਾ ਵੇਰਵਾ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ 92 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਕੇ 686 ਅੱਤਵਾਦੀਆਂ ਨੂੰ ਕਾਬੂ ਕੀਤਾ ਗਿਆ ਅਤੇ 54 ਰਾਈਫਲਾਂ (ਏਕੇ/ਐਮਪੀ-9/ਐਮਪੀ-5/.315), 599 ਰਿਵਾਲਵਰ/ਪਿਸਤੌਲ, 38 ਟਿਫਿਨ ਆਈਈਡੀਜ਼, 28.887 ਕਿਲੋ ਆਰਡੀਐਕਸ ਅਤੇ ਹੋਰ ਵਿਸਫੋਟਕ ਸਮੱਗਰੀ, 131 ਹੈਂਡ ਗ੍ਰਨੇਡ, 6 ਆਰਪੀਜੀਜ਼ (ਲਾਂਚਰਾਂ ਸਮੇਤ) ਤੇ 3 ਸਲੀਵਜ਼ ਅਤੇ ਦੇਖੇ ਗਏ 1,493 ਡਰੋਨਾਂ ਵਿੱਚੋਂ 952 ਡਰੋਨ ਜ਼ਬਤ ਕੀਤੇ ਹਨ।

ਡੀਜੀਪੀ ਨੇ ਦੱਸਿਆ ਕਿ ਸਤੰਬਰ 2024 ਤੋਂ ਹੁਣ ਤੱਕ ਕੁੱਲ 43 ਅੱਤਵਾਦੀ ਹਮਲੇ ਹੋਏ ਸਨ, ਜੋ ਕਿ ਸਾਰੇ ਰਿਕਾਰਡ ਸਮੇਂ ਵਿੱਚ ਹੱਲ ਕਰ ਲਏ ਗਏ ਹਨ, ਜਦੋਂ ਕਿ 9 ਮਾਮਲੇ ਝੂਠੇ ਜਾਂ ਪੂਰੀ ਤਰ੍ਹਾਂ ਮਨਘੜਤ ਸਾਬਤ ਹੋਏ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਨੇ 53 ਅੱਤਵਾਦੀ ਮਾਡਿਊਲਾਂ ਨੂੰ ਪਹਿਲਾਂ ਹੀ ਨਾਕਾਮ ਕਰਕੇ ਵੱਡੇ ਅੱਤਵਾਦੀ ਹਮਲਿਆਂ ਨੂੰ ਵੀ ਟਾਲ ਦਿੱਤਾ ਹੈ।

 

Leave a Reply

Your email address will not be published. Required fields are marked *