ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ 27 ਨਵੰਬਰ ਨੂੰ

Punjab Government to conduct state-level civil defense air raid and blackout mock drill on November 27

ਚੰਡੀਗੜ੍ਹ, 16 ਸਤੰਬਰ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 27 ਨਵੰਬਰ, 2026 ਨੂੰ ਰਾਤ 8 ਵਜੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਉਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਇਹ ਮੌਕ ਡਰਿੱਲ ਸੂਬੇ ਭਰ ਵਿੱਚ ਸਿਵਲ ਡਿਫੈਂਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਇਹਨਾਂ ਤਿਆਰੀਆਂ ਵਿੱਚ ਮਜ਼ਬੂਤੀ ਲਿਆਉਣ ਲਈ ਕੀਤੀ ਜਾ ਰਹੀ ਹੈ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਕ ਡਰਿੱਲ ਇੱਕ ਏਅਰ ਰੇਡ ਵਾਰਨਿੰਗ ਸਿਗਨਲ ਨਾਲ ਸ਼ੁਰੂ ਹੋਵੇਗੀ, ਜਿਸ ਦੌਰਾਨ ਦੋ ਮਿੰਟ ਲਈ ਹਾਈ-ਲੋਅ ਪਿੱਚ ਵਾਲਾ ਸਾਇਰਨ ਵਜਾਇਆ ਜਾਵੇਗਾ। ਇਸ ਦੌਰਾਨ, ਸਬੰਧਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਮੌਕ ਡਰਿੱਲ ਵਾਲੇ ਖੇਤਰਾਂ ਵਿੱਚ ਬਲੈਕਆਉਟ ਕੀਤਾ ਜਾਵੇਗਾ।

ਬਲੈਕਆਊਟ ਦੌਰਾਨ, ਨਿਰਧਾਰਤ ਖੇਤਰਾਂ ਵਿੱਚ ਆਮ ਲੋਕਾਂ ਨੂੰ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਲਈ ਕਿਹਾ ਜਾਵੇਗਾ ਜਦਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਮੌਕ ਡਰਿੱਲ ਮੁਕੰਮਲ ਹੋਣ ‘ਤੇ ਦੋ ਮਿੰਟ ਲਈ ਤੇਜ਼ ਆਵਾਜ਼ ਵਾਲਾ ਸਾਇਰਨ ਵਜਾ ਕੇ “ਆਲ ਕਲੀਅਰ” ਦਾ ਸੰਕੇਤ ਦਿੱਤਾ ਜਾਵੇਗਾ।

ਹੋਰ ਖ਼ਬਰਾਂ :-  ਚੰਡੀਗੜ੍ਹ ਪੁਲਿਸ ਹੁਣ ਕਾਂਸਟੇਬਲਾਂ ਦੀ ਤਰੱਕੀ ਬੀ-1 ਟੈਸਟ ਦੇ ਆਧਾਰ 'ਤੇ ਹੋਵੇਗੀ

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਮੌਕ ਡਰਿੱਲ ਦੌਰਾਨ ਫਾਇਰ ਰਿਸਪਾਂਸ ਆਪਰੇਸ਼ਨ, ਖੋਜ ਅਤੇ ਬਚਾਅ ਕਾਰਜਾਂ, ਮੁੱਢਲੀ ਮੈਡੀਕਲ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਉਣ ਅਤੇ ਆਵਾਜਾਈ ਤੇ ਭੀੜ ਕੰਟਰੋਲ ਕਰਨ ਸਬੰਧੀ ਉਪਾਅ ਅਮਲ ਵਿੱਚ ਲਿਆਂਦੇ ਜਾਣਗੇ। ਇਹ ਗਤੀਵਿਧੀਆਂ ਸਿਵਲ ਡਿਫੈਂਸ ਪ੍ਰਣਾਲੀ ਸਬੰਧੀ ਤਿਆਰੀਆਂ ਅਤੇ ਰਿਸਪਾਂਸ ਪ੍ਰਣਾਲੀਆਂ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਨਗੀਆਂ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਆਮ ਲੋਕਾਂ ਨੂੰ ਘਬਰਾਉਣ ਦੀ ਬਜਾਏ ਸ਼ਾਂਤ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਇਹ ਇੱਕ ਰੁਟੀਨ ਅਭਿਆਸ ਹੈ ਜੋ ਸਿਵਲ ਡਿਫੈਂਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤਾ ਜਾ ਰਿਹਾ ਹੈ। ਮੌਕ ਡਰਿੱਲ ਵਾਲੇ ਖੇਤਰਾਂ ਦੇ ਲੋਕਾਂ ਨੂੰ ਸ਼ਾਂਤ ਰਹਿਣ, ਅਧਿਕਾਰੀਆਂ ਨਾਲ ਸਹਿਯੋਗ ਕਰਨ ਅਤੇ ਡਰਿੱਲ ਦੌਰਾਨ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।

 

Leave a Reply

Your email address will not be published. Required fields are marked *