ਚੰਡੀਗੜ੍ਹ:- ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਨਿਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਜਾਇਦਾਦ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤਾ ਹੈ। ਹੁਣ ਪ੍ਰਸ਼ਾਸਨ ਵੱਲੋਂ ਇੱਕ ਨਵੀਂ ਮੋਬਾਈਲ ਐਪਲੀਕੇਸ਼ਨ “ਈ-ਸੰਪਦਾ ਸੀ.ਐੱਚ.ਡੀ.” (E-Sampada CHD) ਲਾਂਚ ਕੀਤੀ ਗਈ ਹੈ, ਜਿਸ ਰਾਹੀਂ ਨਾਗਰਿਕ ਘਰ ਬੈਠੇ ਹੀ ਆਵੇਦਨ ਕਰਨ ਤੋਂ ਲੈ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਤੱਕ ਦੀਆਂ ਸਾਰੀਆਂ ਸੁਵਿਧਾਵਾਂ ਆਨਲਾਈਨ (Facilities Online) ਪ੍ਰਾਪਤ ਕਰ ਸਕਣਗੇ।
ਦਫ਼ਤਰਾਂ ਦੇ ਗੇੜਿਆਂ ਤੋਂ ਮਿਲੇਗੀ ਮੁਕਤੀ
ਇਸ ਨਵੀਂ ਪਹਿਲਕਦਮੀ ਨਾਲ ਹੁਣ ਲੋਕਾਂ ਨੂੰ ਜਾਇਦਾਦ ਦੀ ਰਜਿਸਟ੍ਰੇਸ਼ਨ, ਟਰਾਂਸਫਰ, ਨੋ-ਓਬਜੈਕਸ਼ਨ ਸਰਟੀਫਿਕੇਟ (NOC), ਜਾਂ ਹੋਰ ਦਸਤਾਵੇਜ਼ੀ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਐਪ ਦੇ ਜਰੀਏ ਆਵੇਦਨ ਦੀ ਪ੍ਰਕਿਰਿਆ, ਫੀਸ ਦਾ ਭੁਗਤਾਨ ਅਤੇ ਸਟੇਟਸ ਟਰੈਕਿੰਗ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਪਾਰਦਰਸ਼ਤਾ ਅਤੇ ਤੇਜ਼ੀ ਆਵੇਗੀ
ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ “ਈ-ਸੰਪਦਾ ਸੀ.ਐੱਚ.ਡੀ.” ਐਪ ਦਾ ਮੁੱਖ ਉਦੇਸ਼ ਸੇਵਾਵਾਂ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਕੰਮਕਾਜ ਨੂੰ ਤੇਜ਼ ਕਰਨਾ ਹੈ। ਸਾਰੀ ਪ੍ਰਕਿਰਿਆ ਆਨਲਾਈਨ ਹੋਣ ਕਰਕੇ ਭ੍ਰਿਸ਼ਟਾਚਾਰ ‘ਤੇ ਠੱਲ੍ਹ ਪਵੇਗੀ ਅਤੇ ਲੋਕਾਂ ਦੇ ਸਮੇਂ ਦੀ ਵੱਡੀ ਬਚਤ ਹੋਵੇਗੀ।
ਸ਼ਿਕਾਇਤ ਨਿਵਾਰਨ ਵੀ ਹੋਵੇਗਾ ਸੁਖਾਲਾ
ਜੇਕਰ ਕਿਸੇ ਨਾਗਰਿਕ ਨੂੰ ਆਪਣੀ ਜਾਇਦਾਦ ਨਾਲ ਸਬੰਧਤ ਕੋਈ ਸਮੱਸਿਆ ਜਾਂ ਸ਼ਿਕਾਇਤ ਹੈ, ਤਾਂ ਉਹ ਇਸ ਐਪ (APP) ਰਾਹੀਂ ਸਿੱਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸ਼ਿਕਾਇਤ ਦੀ ਸਥਿਤੀ (Status) ਵੀ ਆਨਲਾਈਨ ਟਰੈਕ ਕੀਤੀ ਜਾ ਸਕੇਗੀ, ਜਿਸ ਨਾਲ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣੇਗੀ।