ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ ਦਾ 48ਵਾਂ ਰੇਜ਼ਿੰਗ ਡੇਅ ਮਨਾਇਆ

48th Raising Day of Punjab Ex-Servicemen Corporation celebrated
ਜਲੰਧਰ, 9 ਅਕਤੂਬਰ : ਡਿਪਟੀ ਜਨਰਲ ਮੈਨੇਜਰ ਵਿੰਗ ਕਮਾਂਡਰ ਰਜਿੰਦਰ ਸਿੰਘ (ਰਿਟਾ.) ਵਲੋਂ ਜ਼ਿਲ੍ਹਾ ਸੈਨਿਕ ਭਲਾਈ ਦਫਤਰ ਵਿਖੇ ਜਿਲ੍ਹਾ ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਕਰਦਿਆਂ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ ਦਾ 48ਵਾਂ ਰੇਜ਼ਿੰਗ ਡੇਅ ਸ਼ਾਨੋ-ਸ਼ੌਕਤ, ਉਤਸ਼ਾਹ ਅਤੇ ਗੌਰਵ ਨਾਲ ਮਨਾਇਆ ਗਿਆ।
 
ਸਮਾਗਮ ਦੌਰਾਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ  ਲੈਫਟੀਨੈਂਟ ਕਰਨਲ ਭੁਪਿੰਦਰ ਭੋਲਾ (ਰਿਟਾ) ਤੋਂ ਇਲਾਵਾ ਮੁੱਖ ਨਿਯੋਜਕਾਂ ਦੇ ਨੁਮਾਇੰਦੇ, ਅਧਿਕਾਰੀ ਅਤੇ ਵੱਖ-ਵੱਖ ਖੇਤਰਾਂ ਵਿੱਚ ਤਾਇਨਾਤ ਪੈਸਕੋ ਕਰਮਚਾਰੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। 
 
ਲੈਫਟੀਨੈਂਟ ਕਰਨਲ ਭੁਪਿੰਦਰ ਭੋਲਾ ਨੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਮੁੜ-ਵਸੇਬੇ, ਸਨਮਾਨ ਅਤੇ ਸਮਾਜਿਕ-ਆਰਥਿਕ ਸਸ਼ਕਤੀਕਰਨ ਲਈ ਪੈਸਕੋ ਵੱਲੋਂ ਨਿਭਾਈ ਜਾ ਰਹੀ ਨਿਰੰਤਰ ਭੂਮਿਕਾ ਦੀ ਭਰਪੂਰ ਸ਼ਲਾਘਾ ਕਰਦਿਆਂ ਦੱਸਿਆ ਕਿ ਇਤਿਹਾਸਿਕ ਪੰਜਾਬ ਐਕਟ ਨੰਬਰ (1978) ਤਹਿਤ ਸਥਾਪਿਤ ਪੈਸਕੋ ਅੱਜ ਇੱਕ ਵਿਸ਼ਾਲ ਅਤੇ ਬਹੁ-ਪੱਖੀ ਸੰਸਥਾ ਦਾ ਰੂਪ ਧਾਰਨ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੈਸਕੋ ਵਲੋਂ ਪੂਰੇ ਪੰਜਾਬ ਅਤੇ ਇਸ ਤੋਂ ਬਾਹਰ 23,000 ਤੋਂ ਵੱਧ ਅਨੁਸ਼ਾਸਨਬੱਧ ਅਤੇ ਸਿਖਲਾਈ ਪ੍ਰਾਪਤ ਕਾਮਿਆਂ ਦੇ ਬਲ ਨੂੰ ਸਫ਼ਲਤਾਪੂਰਵਕ ਢੰਗ ਨਾਲ ਸੰਭਾਲਿਆ ਜਾ ਰਿਹਾ ਹੈ। 
 
ਇਸ ਮੌਕੇ ਵਿੰਗ ਕਮਾਂਡਰ ਰਜਿੰਦਰ ਸਿੰਘ (ਰਿਟਾ.), ਡੀ.ਜੀ.ਐੱਮ. ਪੈਸਕੋ ਨੇ ਸੰਸਥਾ ਦੇ ਮੋਢੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਪੈਸਕੋ ਦੀਆਂ ਸੇਵਾਵਾਂ ਸਿਰਫ਼ ਸਕਿਓਰਿਟੀ ਤੱਕ ਸੀਮਤ ਨਹੀਂ ਹਨ, ਸਗੋਂ ਇਸ ਵਿੱਚ ਹਥਿਆਰਬੰਦ ਗਨਮੈਨ, ਸਕਿਓਰਿਟੀ ਗਾਰਡ, ਫੀਲਡ ਸੁਪਰਵਾਈਜ਼ਰ, ਕਲੈਰੀਕਲ ਸਟਾਫ਼, ਮੈਨੇਜਰੀਅਲ ਕੈਡਰ ਅਤੇ ਹੁਨਰਮੰਦ ਤੇ ਗੈਰ ਹੁਨਰਮੰਦ ਤਕਨੀਕੀ ਅਮਲਾ ਵੀ ਸ਼ਾਮਲ ਹੈ।
 
ਉਨ੍ਹਾਂ ਅੱਗੇ ਦੱਸਿਆ ਕਿ ਪੈਸਕੋ ਤਿੰਨਾਂ ਜ਼ਿਲ੍ਹਿਆਂ ਵਿੱਚ ਸਰਕਾਰੀ ਅਦਾਰਿਆਂ ਲਈ ਪ੍ਰਮੁੱਖ ਸਹਾਰਾ ਹੈ। ਪ੍ਰਮੁੱਖ ਵਿਭਾਗਾਂ ਵਿੱਚ ਪੀ.ਐਸ.ਪੀ.ਸੀ.ਐਲ., ਪੀ.ਐਸ.ਟੀ.ਸੀ.ਐਲ., ਪੰਜਾਬ ਸਿਹਤ ਵਿਭਾਗ, ਸਿਵਲ ਹਸਪਤਾਲ, ਮਿਊਂਸਪਲ ਕਾਰਪੋਰੇਸ਼ਨਾਂ, ਜਲੰਧਰ ਡਿਵੈਲਪਮੈਂਟ ਅਥਾਰਟੀ, ਰੇਲ ਕੋਚ ਫੈਕਟਰੀ, ਪੰਜਾਬ ਸਕੂਲ ਸਿੱਖਿਆ ਬੋਰਡ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੈਸਕੋ ਵਲੋਂ ਜਿਥੇ ਕਿਰਤ ਕਾਨੂੰਨਾਂ ਅਤੇ ਨਿਯਮਾਂ ਦੀ ਪੂਰੀ ਪਾਰਦਰਸ਼ਤਾ ਨਾਲ ਪਾਲਣਾ ਕੀਤੀ ਜਾਂਦੀ ਹੈ ਉਥੇ ਸਮਾਜਿਕ ਜਿੰਮੇਵਾਰੀ ਨਿਭਾਉਦਿਆਂ ਹਜ਼ਾਰਾਂ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਸਥਾਨਕ ਨੌਜਵਾਨਾਂ ਨੂੰ ਸਨਮਾਨਜਨਕ ਰੋਜ਼ਗਾਰ ਪ੍ਰਦਾਨ ਕਰਕੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
 
ਸਮਾਗਮ ਦੌਰਾਨ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਫੀਲਡ ਅਫ਼ਸਰਾਂ, ਸੁਪਰਵਾਈਜ਼ਰਾਂ ਅਤੇ ਦਫ਼ਤਰੀ ਸਟਾਫ਼ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। 
ਹੋਰ ਖ਼ਬਰਾਂ :-  ਚੰਡੀਗੜ੍ਹ ਪੁਲਿਸ ਦੇ ਆਈ.ਟੀ. ਪਾਰਕ ਥਾਣੇ ਦੀ ਟੀਮ ਨੇ ਦੋ ਵਿਅਕਤੀਆਂ ਨੂੰ 8.65 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ

Leave a Reply

Your email address will not be published. Required fields are marked *