ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 4 ਕਰੋੜ 43 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ

Cabinet Minister Aman Arora lays foundation stone of development works worth Rs. 4 crore 43 lakh

ਸੁਨਾਮ, 11 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿਵਲ ਹਸਪਤਾਲ ਸੁਨਾਮ ਊਧਮ ਸਿੰਘ ਵਾਲਾ ਵਿਖੇ 4 ਕਰੋੜ 43 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖ ਕੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਨ੍ਹਾਂ ਕਾਰਜਾਂ ਵਿੱਚ ਹਸਪਤਾਲ ਦੀ ਚਾਰਦੀਵਾਰੀ, ਟਿਊਬਵੈੱਲ ਅਤੇ ਸੀਵਰੇਜ ਦੇ ਕੰਮ ਸ਼ਾਮਲ ਹਨ।

ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਇੱਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਇਲਾਜ ਦੀਆਂ ਸਹੂਲਤਾਂ ਦੇ ਨਾਲ ਪਾਣੀ, ਸਫ਼ਾਈ, ਸੀਵਰੇਜ ਅਤੇ ਸੁਰੱਖਿਅਤ ਚੌਗਿਰਦੇ ਵਰਗੀਆਂ ਬੁਨਿਆਦੀ ਲੋੜਾਂ ਦਾ ਸੁਚੱਜਾ ਪ੍ਰਬੰਧ ਵੀ ਬੇਹੱਦ ਜ਼ਰੂਰੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਚਾਰਦੀਵਾਰੀ ਦੇ ਨਿਰਮਾਣ ਨਾਲ ਹਸਪਤਾਲ ਦੇ ਅਹਾਤੇ ਦੀ ਸੁਰੱਖਿਆ ਅਤੇ ਸੰਭਾਲ ਨੂੰ ਮਜ਼ਬੂਤੀ ਮਿਲੇਗੀ, ਜਦਕਿ ਟਿਊਬਵੈੱਲ ਨਾਲ ਪਾਣੀ ਦੀ ਸਪਲਾਈ ਦੇ ਪ੍ਰਬੰਧ ਵਿੱਚ ਸੁਧਾਰ ਹੋਵੇਗਾ। ਇਸੇ ਤਰ੍ਹਾਂ ਸੀਵਰੇਜ ਦੇ ਕੰਮ ਨਾਲ ਗੰਦੇ ਪਾਣੀ ਦੀ ਨਿਕਾਸੀ ਸੁਚਾਰੂ ਹੋਵੇਗੀ ਅਤੇ ਹਸਪਤਾਲ ਵਿੱਚ ਸਾਫ਼-ਸੁਥਰਾ ਵਾਤਾਵਰਨ ਬਣਾਈ ਰੱਖਣ ਵਿੱਚ ਮਦਦ ਮਿਲੇਗੀ।

ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਲੋਕਾਂ ਦੀ ਸਹੂਲਤ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ ਅਤੇ ਇਸ ਦਿਸ਼ਾ ਵਿੱਚ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ, “ਹਲਕਾ ਸੁਨਾਮ ਦੇ ਨਿਵਾਸੀਆਂ ਦੀ ਭਲਾਈ ਅਤੇ ਸਹੂਲਤ ਲਈ ਮੈਂ ਹਰ ਸਮੇਂ ਯਤਨਸ਼ੀਲ ਹਾਂ। ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣਾ ਅਤੇ ਉਨ੍ਹਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਮੇਰੀ ਤਰਜੀਹ ਹੈ। ਸਿਵਲ ਹਸਪਤਾਲ ਵਿੱਚ ਸ਼ੁਰੂ ਕੀਤੇ ਇਹ ਕੰਮ ਇਸੇ ਯਤਨ ਦਾ ਹਿੱਸਾ ਹਨ।”

ਹੋਰ ਖ਼ਬਰਾਂ :-  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 14 ਦਸੰਬਰ ਨੂੰ ਹੋਣਗੀਆਂ - ਡਿਪਟੀ ਕਮਿਸ਼ਨਰ ਰੂਪਨਗਰ

ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਘਰ-ਘਰ ਤੋਂ ਕੂੜਾ ਇਕੱਠਾ ਕਰਨ ਅਤੇ ਇਸ ਦੀ ਢੋਆ-ਢੁਆਈ ਨੂੰ ਹੋਰ ਸੁਚਾਰੂ ਬਣਾਉਣ ਲਈ 25 ਨਵੇਂ ਈ-ਰਿਕਸ਼ਾ ਅਤੇ ਕੂੜਾ ਚੁੱਕਣ ਵਾਲੇ 15 ਟੈਂਪੂ ਖ਼ਰੀਦਣ ਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਹਨਾਂ ਦੀ ਉਪਲਬਧਤਾ ਨਾਲ ਕੂੜਾ ਇਕੱਠਾ ਕਰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤੀ ਮਿਲੇਗੀ।

ਉਨ੍ਹਾਂ ਦੱਸਿਆ ਕਿ ਯੋਜਨਾ ਤਹਿਤ ਗਲੀਆਂ ਅਤੇ ਮੁੱਖ ਸੜਕਾਂ ਦੇ ਕਿਨਾਰਿਆਂ ’ਤੇ ਬਣੇ ਦੋ-ਤਿੰਨ ਪ੍ਰਾਇਮਰੀ ਕੂੜਾ ਡੰਪ ਹਟਾ ਕੇ ਕੂੜਾ ਸਿੱਧਾ ਬਖਸ਼ੀਵਾਲਾ ਰੋਡ ਸਥਿਤ ਮੁੱਖ ਡੰਪਿੰਗ ਗਰਾਊਂਡ ਵਿਖੇ ਪਹੁੰਚਾਇਆ ਜਾਵੇਗਾ। ਇਸ ਨਾਲ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗਣ ਦੀ ਸਮੱਸਿਆ ਘਟੇਗੀ ਅਤੇ ਸਫ਼ਾਈ ਵਿਵਸਥਾ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਸਫ਼ਾਈ ਪ੍ਰਬੰਧਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।

ਦੁਕਾਨਦਾਰਾਂ ਦੇ ਮਾਲਕੀ ਹੱਕਾਂ ਸਬੰਧੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨੀਤੀ ਤਹਿਤ 12 ਸਾਲ ਤੋਂ ਵੱਧ ਸਮੇਂ ਤੋਂ ਕਾਬਜ਼ ਯੋਗ ਦੁਕਾਨਦਾਰਾਂ ਦੇ ਮਾਮਲਿਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਨਾਮ ਦੇ ਨਵੇਂ ਬਾਜ਼ਾਰ ਦੀਆਂ ਲਗਭਗ 47–48 ਦੁਕਾਨਾਂ ਦੇ ਮਾਮਲਿਆਂ ’ਤੇ ਪਿਛਲੇ ਡੇਢ-ਦੋ ਸਾਲਾਂ ਤੋਂ ਕੰਮ ਚੱਲ ਰਿਹਾ ਸੀ ਅਤੇ ਹੁਣ ਇਨ੍ਹਾਂ ਦੀ ਸਬੰਧਤ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਯੋਗ ਦੁਕਾਨਦਾਰ ਨੀਤੀ ਦੀਆਂ ਸ਼ਰਤਾਂ ਅਨੁਸਾਰ ਦਸਤਾਵੇਜ਼ ਅਤੇ ਨਿਰਧਾਰਤ ਰਕਮ ਜਮ੍ਹਾਂ ਕਰਵਾ ਕੇ ਲੋੜੀਂਦੀ ਕਾਰਵਾਈ ਪੂਰੀ ਕਰਨ ਉਪਰੰਤ ਰਜਿਸਟਰੀ ਆਪਣੇ ਨਾਮ ਕਰਵਾ ਸਕਦੇ ਹਨ।

ਇਸ ਮੌਕੇ ਕੈਬਨਿਟ ਮੰਤਰੀ ਨੇ ਪਵਿੱਤਰ ਨਵਰਾਤਰਿਆਂ ਦੀਆਂ ਸਮੂਹ ਪੰਜਾਬ ਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਮਾਤਾ ਰਾਣੀ ਸਭਨਾਂ ਨੂੰ ਚੰਗੀ ਸਿਹਤ, ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਬਖ਼ਸ਼ਣ। 

Leave a Reply

Your email address will not be published. Required fields are marked *