ਜਲੰਧਰ, 13 ਅਕਤੂਬਰ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਰਹਿਨੁਮਾਈ ਹੇਠ ਅੱਜ ਮੁੱਢਲੀ ਸਹਾਇਤਾ, ਸੀ.ਪੀ.ਆਰ. ਅਤੇ ਆਫ਼ਤ ਪ੍ਰਬੰਧਨ ਸਬੰਧੀ ਇਕ ਦਿਨਾਂ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਢਲੀ ਸਹਾਇਤਾ, ਸੀ.ਪੀ.ਆਰ. ਅਤੇ ਆਫ਼ਤ ਪ੍ਰਬੰਧਨ ਸਬੰਧੀ ਜਾਣਕਾਰੀ ਹਰੇਕ ਵਿਅਕਤੀ ਲਈ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਖ਼ਲਾਈ ਦੌਰਾਨ ਪੂਰੀ ਗੰਭੀਰਤਾ ਨਾਲ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਕਿਸੇ ਅਣਸੁਖਾਵੀਂ ਘਟਨਾ ਜਾਂ ਕੁਦਰਤੀ ਆਫ਼ਤ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਮਦਦ ਕਰ ਸਕਣ।
ਉਨ੍ਹਾਂ ਕਿਹਾ ਕਿ ਐਮਰਜੈਂਸੀ ਦੇ ਸਮੇਂ ਸਹੀ ਜਾਣਕਾਰੀ, ਸਮੇਂ ਸਿਰ ਮਦਦ ਅਤੇ ਸੂਝ-ਬੂਝ ਨਾਲ ਚੁੱਕੇ ਕਦਮਾਂ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੇ ਹੋਰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਇਹ ਟ੍ਰੇਨਿੰਗ ਕਰਵਾਈ ਜਾਵੇਗੀ।
ਇਸ ਤੋਂ ਪਹਿਲਾਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਡਾ. ਸੁਰਜੀਤ ਲਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਸਿਖ਼ਲਾਈ ਪ੍ਰੋਗਰਾਮ ਦੌਰਾਨ ਸਿਵਲ ਹਸਪਤਾਲ ਦੇ ਡਾਕਟਰ ਡਾ. ਪਿਯੂਸ਼ ਖੰਨਾ ਵੱਲੋਂ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਅਤੇ ਸੀ.ਪੀ.ਆਰ. ਬਾਰੇ ਟ੍ਰੇਨਿੰਗ ਦਿੱਤੀ ਗਈ। ਜਦਕਿ ਸੁਪਰਡੈਂਟ ਸਿਵਲ ਡਿਫੈਂਸ ਧਰਮਿੰਦਰ ਸਿੰਘ ਅਤੇ ਸਿਵਲ ਡਿਫੈਂਸ ਦੇ ਇੰਸਟਰਕਟਰ ਗਗਨਦੀਪ ਸਿੰਘ ਵੱਲੋਂ ਕੁਦਰਤੀ ਆਫ਼ਤ ਸਮੇਂ ਸੁਰੱਖਿਆ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ।
ਟ੍ਰੇਨਿੰਗ ਪ੍ਰੋਗਰਾਮ ਵਿੱਚ ਲਾਇਲਪੁਰ ਖਾਲਸਾ ਕਾਲਜ, ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ, ਖਾਲਸਾ ਕਾਲਜ ਲਾਇਲਪੁਰ ਇੰਸਟੀਚਿਊਟ ਆਫ਼ ਲਾਅ, ਡਿਪਸ ਸਕੂਲ ਨੂਰਪੁਰ, ਸੀ.ਟੀ. ਇੰਸਟੀਚਿਊਟ ਮਕਸੂਦਾਂ, ਡੇਵੀਏਟ ਜਲੰਧਰ ਅਤੇ ਇੰਨੋਸੈਂਟ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਲੇਖਾਕਾਰ ਨੇਕਰਾਮ, ਸੁਰੇਖਾ ਸ਼ਰਮਾ, ਸੁਨੀਤਾ ਕੁਮਾਰੀ, ਨਰੇਸ਼ ਕੁਮਾਰ, ਬਲਵਿੰਦਰ ਸਿੰਘ ਅਤੇ ਰੈੱਡ ਕਰਾਸ ਸੁਸਾਇਟੀ ਦਾ ਹੋਰ ਸਟਾਫ਼ ਵੀ ਮੌਜੂਦ ਸੀ।