ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਹਲਕਾ ਲਹਿਰਾ ਵਿੱਚ ਦੋ ਸਟੀਲ ਫੁੱਟ ਬ੍ਰਿਜਾਂ ਦੀ ਸਥਾਪਨਾ ਦੇ ਕੰਮ ਦੀ ਸ਼ੁਰੂਆਤ

Cabinet Minister Barinder Kumar Goyal launches work on installation of two steel foot bridges in Lehra constituency

ਲਹਿਰਾਗਾਗਾ, 16 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਦੇ ਪਿੰਡਾਂ ਅਤੇ ਸ਼ਹਿਰੀ ਖੇਤਰ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਅੱਜ ਦਿਆਲਪੁਰਾ ਰਜਵਾਹੇ ਅਤੇ ਘੱਗਰ ਬ੍ਰਾਂਚ ਨਹਿਰ ’ਤੇ ਦੋ ਸਟੀਲ ਫੁੱਟ ਬ੍ਰਿਜਾਂ ਦੀ ਸਥਾਪਨਾ ਲਈ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਬਣਨ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਆਵਾਜਾਈ ਵਿੱਚ ਆਉਂਦੀਆਂ ਮੁਸ਼ਕਲਾਂ ਤੋਂ ਵੱਡੀ ਰਾਹਤ ਮਿਲੇਗੀ।

ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀਆਂ ਸਥਾਨਕ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਮੁਸ਼ਕਲਾਂ ਦਾ ਹੱਲ ਕਰਨਾ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਵਚਨਬੱਧਤਾ ਹੈ।

ਦਿਆਲਪੁਰਾ ਰਜਵਾਹੇ ’ਤੇ ਬਣਨ ਵਾਲੇ ਪੁਲ ਬਾਰੇ ਜਾਣਕਾਰੀ ਦਿੰਦਿਆਂ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪਿੰਡ ਖਾਈ, ਅੜਕਵਾਸ ਅਤੇ ਰਾਮਗੜ੍ਹ ਦੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਰਜਵਾਹੇ ਦੇ ਦੂਜੇ ਪਾਸੇ ਪੈਂਦੀਆਂ ਹਨ। ਪਿੰਡ ਇੱਕ ਪਾਸੇ ਅਤੇ ਖੇਤ ਦੂਜੇ ਪਾਸੇ ਹੋਣ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਦੇ ਰੋਜ਼ਾਨਾ ਕੰਮਾਂ ਲਈ ਆਉਣ-ਜਾਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਖ਼ਾਸ ਤੌਰ ’ਤੇ ਪਸ਼ੂਆਂ ਲਈ ਹਰਾ ਚਾਰਾ ਲਿਆਉਣ ਅਤੇ ਰੇਹੜੀਆਂ ਰਾਹੀਂ ਸਾਮਾਨ ਲਿਜਾਣ ਵਿੱਚ ਵੱਡੀ ਦਿੱਕਤ ਆਉਂਦੀ ਸੀ।

ਉਨ੍ਹਾਂ ਦੱਸਿਆ ਕਿ ਲੋਕਾਂ ਦੀ ਇਸ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕਰਵਾਏ ਗਏ ਸਟੀਲ ਫੁੱਟ ਬ੍ਰਿਜ ਨੂੰ ਰਜਵਾਹੇ ’ਤੇ ਸਥਾਪਿਤ ਕਰਨ ਦਾ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਕੰਮ ਇੱਕ ਹਫ਼ਤੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੈਦਲ ਰਾਹਗੀਰਾਂ ਅਤੇ ਰੇਹੜੀਆਂ ਦੀ ਸੁਖਾਲੀ ਆਵਾਜਾਈ ਲਈ ਪੁਲ ਦੇ ਦੋਵੇਂ ਪਾਸੇ ਰੈਂਪ ਵੀ ਬਣਾਏ ਜਾ ਰਹੇ ਹਨ। ਇਸ ਨਾਲ ਕਿਸਾਨਾਂ ਦੀ ਆਪਣੇ ਖੇਤਾਂ ਤੱਕ ਪਹੁੰਚ ਆਸਾਨ ਹੋਵੇਗੀ ਅਤੇ ਉਨ੍ਹਾਂ ਦੇ ਸਮੇਂ ਤੇ ਮਿਹਨਤ ਦੀ ਬੱਚਤ ਹੋਵੇਗੀ।

ਹੋਰ ਖ਼ਬਰਾਂ :-  ਪੰਜਾਬ ਪੁਲਿਸ ਵੱਲੋਂ ਅਮਰੀਕਾ-ਅਧਾਰਤ ਪਵਿਤਰ-ਹੁਸਨਦੀਪ ਗੈਂਗ ਦੀ ਹਮਾਇਤ ਪ੍ਰਾਪਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼; ਪਿਸਤੌਲ, ਫਾਰਚੂਨਰ ਕਾਰ ਸਮੇਤ ਗੈਂਗ ਦੇ ਤਿੰਨ ਮੈਂਬਰ ਕਾਬੂ

ਘੱਗਰ ਬ੍ਰਾਂਚ ਨਹਿਰ ’ਤੇ ਬਣਨ ਵਾਲੇ ਦੂਜੇ ਪੁਲ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਨਗਰ ਕੌਂਸਲ ਲਹਿਰਾਗਾਗਾ ਦੇ ਵਾਰਡ ਨੰਬਰ 13, 14 ਅਤੇ 15 ਸਮੇਤ ਨੇੜਲੇ ਵਾਰਡਾਂ ਦੇ ਵਸਨੀਕਾਂ ਨੂੰ ਨਹਿਰ ਪਾਰ ਜਾਣ ਲਈ ਲੰਮਾ ਚੱਕਰ ਕੱਟਣਾ ਪੈਂਦਾ ਸੀ। ਉੱਥੇ ਮੌਜੂਦ ਪੁਰਾਣੇ ਲੱਕੜ ਦੇ ਪੁਲ ਤੋਂ ਰੇਹੜੀਆਂ ਆਦਿ ਨਹੀਂ ਲੰਘ ਸਕਦੀਆਂ ਸਨ, ਜਿਸ ਕਾਰਨ ਸਥਾਨਕ ਲੋਕਾਂ ਵੱਲੋਂ ਪੱਕੇ ਪੁਲ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ।

ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਸ ਮੰਗ ਨੂੰ ਪੂਰਾ ਕਰਦਿਆਂ ਘੱਗਰ ਬ੍ਰਾਂਚ ਨਹਿਰ ’ਤੇ ਵੀ ਸਟੀਲ ਫੁੱਟ ਬ੍ਰਿਜ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਕੰਮ ਅਗਲੇ 20 ਦਿਨਾਂ ਅੰਦਰ ਮੁਕੰਮਲ ਕਰਕੇ ਪੁਲ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਂ ਪੁਲ ਵੱਖ-ਵੱਖ ਵਾਰਡਾਂ ਵਿਚਕਾਰ ਆਵਾਜਾਈ ਨੂੰ ਸੁਖਾਲਾ ਬਣਾਏਗਾ ਅਤੇ ਲੋਕਾਂ ਨੂੰ ਲੰਮਾ ਚੱਕਰ ਕੱਟਣ ਦੀ ਮੁਸ਼ਕਲ ਤੋਂ ਛੁਟਕਾਰਾ ਮਿਲੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕਾ ਲਹਿਰਾ ਵਿੱਚ ਸੜਕਾਂ ਅਤੇ ਪੁਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਿਹਤਰ ਸੰਪਰਕ ਸਹੂਲਤਾਂ ਨਾਲ ਜਿੱਥੇ ਆਮ ਲੋਕਾਂ ਦੀ ਆਵਾਜਾਈ ਸੁਖਾਲੀ ਹੁੰਦੀ ਹੈ, ਉੱਥੇ ਖੇਤੀਬਾੜੀ ਅਤੇ ਹੋਰ ਰੋਜ਼ਾਨਾ ਕੰਮਾਂ ਨੂੰ ਵੀ ਸਹੂਲਤ ਮਿਲਦੀ ਹੈ। ਉਨ੍ਹਾਂ ਦੁਹਰਾਇਆ ਕਿ ਹਲਕੇ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਦਾ ਸਿਲਸਿਲਾ ਜਾਰੀ ਰਹੇਗਾ।

ਇਸ ਮੌਕੇ ਪਿੰਡ ਖਾਈ, ਰਾਮਗੜ੍ਹ ਅਤੇ ਅੜਕਵਾਸ ਦੇ ਪਤਵੰਤੇ, ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਸ਼੍ਰੀਮਤੀ ਕਾਂਤਾ ਗੋਇਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

 

Leave a Reply

Your email address will not be published. Required fields are marked *