ਬਰਨਾਲਾ, 18 ਅਕਤੂਬਰ ਜ਼ਿਲ੍ਹਾ ਬਰਨਾਲਾ ਦੇ ਧਨੌਲਾ ਦੀ ਢਿੱਲੋਂ ਪੱਤੀ ਦੇ ਵਸਨੀਕ ਕਿਸਾਨ ਸੁਰਿੰਦਰ ਸਿੰਘ (32), ਪੁੱਤਰ ਮੇਵਾ ਸਿੰਘ ਜਿੱਥੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾ ਰਹੇ ਹਨ, ਓਥੇ ਆਪਣੀ ਗੱਤਾ ਫੈਕਟਰੀ ਵਿਚ ਪਰਾਲੀ ਵਰਤ ਕੇ ਚੰਗਾ ਮੁਨਾਫ਼ਾ ਵੀ ਲੈ ਰਹੇ ਹਨ।
ਸੁਰਿੰਦਰ ਸਿੰਘ ਨੇ ਸਾਲ 2014 ਵਿੱਚ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਅਤੇ ਸਾਲ 2015 ਵਿੱਚ ਵਿਦੇਸ਼ ਜਾਣ ਲਈ ਆਈਲੈਟਸ (IELTS) ਦੀ ਤਿਆਰੀ ਸ਼ੁਰੂ ਕੀਤੀ, ਪਰ ਉਸ ਦਾ ਮਨ ਆਪਣਾ ਕਾਰੋਬਾਰ ਕਰਨ ਦਾ ਸੀ। ਇਸੇ ਸੋਚ ਕਰਕੇ ਉਸ ਨੇ ਆਈਲੈਟਸ ਦੀ ਤਿਆਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਯਤਨ ਕਰਨਾ ਸ਼ੁਰੂ ਕਰ ਦਿੱਤਾ।
ਆਪਣੇ ਸੁਪਨੇ ਨੂੰ ਹਕੀਕਤ ਵਿੱਚ ਬਦਲਦਿਆਂ ਉਸ ਨੇ ਸਾਲ 2017 ਵਿੱਚ ਲਗਭਗ 65 ਲੱਖ ਰੁਪਏ ਦੀ ਲਾਗਤ ਨਾਲ ਧਨੌਲਾ – ਭੈਣੀ ਜੱਸਾ ਰੋਡ ‘ਤੇ ਆਪਣੀ 5 ਏਕੜ ਜ਼ਮੀਨ ‘ਤੇ ਗੱਤਾ ਉਤਪਾਦਨ ਪਲਾਂਟ ਸਥਾਪਤ ਕੀਤਾ। ਸ਼ੁਰੂਆਤ ਵਿੱਚ ਉਹ ਹਰ ਮਹੀਨੇ ਲਗਭਗ 2,000 ਬੰਡਲ ਗੱਤਾ ਤਿਆਰ ਕਰਦੇ ਸਨ ਅਤੇ ਹੌਲੀ ਹੌਲੀ ਕਾਰੋਬਾਰ ਦਾ ਵਿਸਥਾਰ ਕਰਦਿਆਂ ਅੱਜ ਉਸਦੇ ਦੇ ਪਲਾਂਟ ਦੀ ਉਤਪਾਦਨ ਸਮਰੱਥਾ ਵਧ ਕੇ ਹਰ ਮਹੀਨੇ ਲਗਭਗ 6,000 ਬੰਡਲ (1,500 ਤੋਂ 2,000 ਕੁਇੰਟਲ) ਗੱਤਾ ਤਿਆਰ ਕਰਨ ਤੱਕ ਪਹੁੰਚ ਗਈ ਹੈ।
ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੱਤਾ ਪਲਾਂਟ ਵਿੱਚ ਪਰਾਲੀ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਫਟੇ-ਪੁਰਾਣੇ ਜੂਟ ਦੇ ਬੈਗ ਵੀ ਕੱਚੇ ਮਾਲ ਵਜੋਂ ਵਰਤੇ ਜਾਂਦੇ ਹਨ। ਉਹ ਹਰ ਸਾਲ ਲਗਭਗ 1,200 ਤੋਂ 1,500 ਏਕੜ ਰਕਬੇ ਦੀ ਪਰਾਲੀ ਆਪਣੇ ਯੂਨਿਟ ਲਈ ਵਰਤਦੇ ਹਨ, ਜਦਕਿ ਕੁੱਲ ਮਿਲਾ ਕੇ ਲਗਭਗ 4,000 ਏਕੜ ਰਕਬੇ ਦੀ ਪਰਾਲੀ ਇਕੱਠੀ ਕਰਦੇ ਹਨ। ਇਸ ਵਿੱਚੋਂ ਆਪਣੇ ਪਲਾਂਟ ਦੀ ਲੋੜ ਪੂਰੀ ਕਰਨ ਤੋਂ ਇਲਾਵਾ ਪੈਲੇਟ ਯੂਨਿਟਾਂ ਅਤੇ ਹੋਰ ਗੱਤਾ ਫੈਕਟਰੀਆਂ ਨੂੰ ਵੀ ਪਰਾਲੀ ਦੀ ਸਪਲਾਈ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਲਗਭਗ 12 ਏਕੜ ਰਕਬੇ ਵਿੱਚ ਖੇਤੀ ਕਰਦੇ ਹਨ ਅਤੇ ਸਾਲ 2015 ਤੋਂ ਲੈ ਕੇ ਹੁਣ ਤੱਕ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ। ਪਰਾਲੀ ਨੂੰ ਇਕੱਠਾ ਕਰਕੇ ਇਸ ਦੀ ਸੁਚੱਜੀ ਵਰਤੋਂ ਕਰਨ ਲਈ ਉਨ੍ਹਾਂ ਨੇ ਸਾਲ 2022 ਵਿੱਚ 50 ਫ਼ੀਸਦੀ ਸਬਸਿਡੀ ’ਤੇ ਬੇਲਰ ਮਸ਼ੀਨ ਖਰੀਦੀ ਸੀ। ਅੱਜ ਉਨ੍ਹਾਂ ਕੋਲ ਚਾਰ ਬੇਲਰ ਮਸ਼ੀਨਾਂ ਹਨ, ਜਿਨ੍ਹਾਂ ਰਾਹੀਂ ਪਰਾਲੀ ਦੀਆਂ ਗੰਢਾਂ ਤਿਆਰ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ ਉਹ 6,000 ਕੁਇੰਟਲ ਪਰਾਲੀ ਦੀਆਂ ਗੰਢਾਂ ਤਿਆਰ ਕਰ ਚੁੱਕੇ ਹਨ। ਇਸ ਤਰ੍ਹਾਂ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦੇ ਹੱਲ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਉਹ ਇਸ ਨੂੰ ਆਮਦਨ ਦਾ ਇੱਕ ਵਧੀਆ ਸਾਧਨ ਵੀ ਬਣਾ ਰਹੇ ਹਨ। ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੀਜ਼ਨ ਵਿਚ ਕੁੱਲ 1 ਲੱਖ ਕੁਇੰਟਲ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਦਾ ਟੀਚਾ ਹੈ।