ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਪੂਰੀ ਤਰ੍ਹਾਂ ਭ੍ਰਿਸ਼ਟ; ਪੰਜਾਬ ਦੇ ਲੋਕ ਸੁਚੇਤ ਰਹਿਣ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

Congress, Akali Dal and BJP are completely corrupt; People of Punjab should be alert - Chief Minister Bhagwant Singh Mann

ਪਟਿਆਲਾ, 2 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਤਿੱਖਾ ਹਮਲਾ ਬੋਲਦਿਆਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਭ੍ਰਿਸ਼ਟ ਪਾਰਟੀਆਂ ਕਰਾਰ ਦਿੱਤਾ, ਜਿਹੜੀਆਂ ਪੰਜਾਬ ਦੇ ਵਿਕਾਸ ਨੂੰ ਲੀਹੋਂ ਲਾਹੁਣ ਅਤੇ ਆਪਣੇ ਸਾਂਝੇ ਸਿਆਸੀ ਹਿੱਤਾਂ ਦੀ ਰਾਖੀ ਲਈ ਇਕੱਠੀਆਂ ਹੋ ਗਈਆਂ ਹਨ। ਭਵਿੱਖੀ ਸਿਆਸੀ ਮੁਕਾਬਲੇ ਨੂੰ ‘ਇੱਕ ਬਨਾਮ ਸਾਰੇ’ ਦੱਸਦਿਆਂ ਉਨ੍ਹਾਂ ਕਿਹਾ ਕਿ ਵੱਖੋ-ਵੱਖਰੇ ਝੰਡੇ ਅਤੇ ਚੋਣ ਨਿਸ਼ਾਨ ਹੋਣ ਦੇ ਬਾਵਜੂਦ ਇਨ੍ਹਾਂ ਪਾਰਟੀਆਂ ਦਾ ਮਕਸਦ ਇੱਕੋ ਹੀ ਹੈ-ਪੰਜਾਬ ਨੂੰ ਲੁੱਟਣਾ ਅਤੇ ਇੱਥੋਂ ਦੇ ਲੋਕਾਂ ਦਾ ਸ਼ੋਸ਼ਣ ਕਰਨਾ ਹੈ।
ਪਟਿਆਲਾ ਦੇ ਹਲਕਾ ਘਨੌਰ ਵਿਖੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਇਸ ਗੱਲ ਦੀ ਬੇਚੈਨੀ ਹੈ ਕਿ ਇੱਕ ਆਮ ਘਰ ਦਾ ਪੁੱਤ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਦਾ ਪਿਆਰ ਅਤੇ ਆਸ਼ੀਰਵਾਦ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਨ੍ਹਾਂ ਵਿਰੋਧੀਆਂ ਨੂੰ ਚਿਤਾਵਨੀ ਦਿੱਤੀ ਕਿ ਸਾਲ 2022 ਵਾਂਗ ਹੀ 2027 ਵਿੱਚ ਵੀ ਲੋਕ ਵਿਰੋਧੀ ਧਿਰ ਦੇ ਵੱਡੇ-ਵੱਡੇ ਆਗੂਆਂ ਨੂੰ ਘਰ ਬਿਠਾ ਦੇਣਗੇ।
ਆਪਣੇ ‘ਐਕਸ’ ਹੈਂਡਲ ’ਤੇ ਸਾਂਝੀ ਕੀਤੀ ਪੋਸਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ: “ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਮੰਡੋਲੀ ਵਿਖੇ ਪੀਣ ਵਾਲੇ ਪਾਣੀ ਦੇ ਨਵੇਂ ਪ੍ਰਾਜੈਕਟ ਦਾ ਉਦਘਾਟਨ ਮੌਕੇ ਅੱਜ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਉਲਟ, ਅਸੀਂ ਕੁਰਸੀਆਂ ਦੀ ਲੜਾਈ ਨਹੀਂ ਲੜ ਰਹੇ। ਸਾਡੀ ਲੜਾਈ ਪੰਜਾਬ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ, ਬਿਹਤਰ ਸਿਹਤ ਸਹੂਲਤਾਂ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਹੈ। ਆਮ ਪਰਿਵਾਰਾਂ ਦੇ ਬੱਚਿਆਂ ਨੂੰ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦੇਣਾ ਸਾਡੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੈ। ਲੋਕਾਂ ਦਾ ਪਿਆਰ ਅਤੇ ਸਾਥ ਸਾਨੂੰ ‘ਰੰਗਲਾ ਪੰਜਾਬ’ ਬਣਾਉਣ ਦੀ ਤਾਕਤ ਦੇ ਰਿਹਾ ਹੈ।”
ਦੋ ਜ਼ਿਲ੍ਹਿਆਂ ਲਈ ਨਹਿਰੀ ਪਾਣੀ ਸਪਲਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੌਜੂਦਾ ਸਿਆਸੀ ਹਾਲਾਤਾਂ ਨੂੰ “ਇੱਕ ਬਨਾਮ ਸਾਰੇ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਰਵਾਇਤੀ ਸਿਆਸੀ ਪਾਰਟੀਆਂ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਇੱਕਮੁੱਠ ਹੋ ਗਈਆਂ ਹਨ, ਉੱਥੇ ਹੀ ਉਹ ਪੰਜਾਬ ਦੇ ਲੋਕਾਂ ਦੇ ਪਿਆਰ ਅਤੇ ਅਸੀਸਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ, “ਇੱਕ ਪਾਸੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਹਨ, ਜਦਕਿ ਦੂਜੇ ਪਾਸੇ ਮੈਂ ਪੰਜਾਬ ਦੇ ਲੋਕਾਂ ਦੇ ਪਿਆਰ ਅਤੇ ਆਸ਼ੀਰਵਾਦ ਨਾਲ ਖੜ੍ਹਾ ਹਾਂ। ਇਨ੍ਹਾਂ ਪਾਰਟੀਆਂ ਨੇ ਦਹਾਕਿਆਂ ਤੱਕ ਪੰਜਾਬ ’ਤੇ ਰਾਜ ਕੀਤਾ ਅਤੇ ਹੁਣ ਇਹ ਇਸ ਲਈ ਔਖੀਆਂ ਹਨ ਕਿਉਂਕਿ ਇੱਕ ਆਮ ਘਰ ਦਾ ਪੁੱਤ ਸਮਾਜ ਦੇ ਹਰੇਕ ਵਰਗ ਦੇ ਭਲੇ ਲਈ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ।”
ਮੁੱਖ ਮੰਤਰੀ ਨੇ ਕਿਹਾ, “ਇਨ੍ਹਾਂ ਦੇ ਝੰਡੇ ਅਤੇ ਚੋਣ ਨਿਸ਼ਾਨ ਵੱਖੋ-ਵੱਖਰੇ ਹਨ, ਪਰ ਇਨ੍ਹਾਂ ਦੀਆਂ ਨੀਅਤਾਂ ਇੱਕੋ ਜਿਹੀਆਂ ਹਨ। ਇਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੇ ਕਿ ਪੰਜਾਬ ਦੇ ਸਾਧਨ ਹੁਣ ਮੁੱਠੀ ਭਰ ਸਿਆਸੀ ਪਰਿਵਾਰਾਂ ਦੀ ਬਜਾਏ ਆਮ ਪੰਜਾਬੀਆਂ ਦੀ ਭਲਾਈ ਲਈ ਵਰਤੇ ਜਾ ਰਹੇ ਹਨ।”
ਉਨ੍ਹਾਂ ਕਿਹਾ ਕਿ ਇਹ ਸਿਆਸੀ ਪਾਰਟੀਆਂ ਪੰਜਾਬ ਨੂੰ ਲੁੱਟਣ ਲਈ ਇੱਕਜੁਟ ਹੋਈਆਂ ਹਨ, ਜਦਕਿ ਉਹ 3.25 ਕਰੋੜ ਪੰਜਾਬੀਆਂ ਦੇ ਸੁੱਖ-ਦੁੱਖ ਦੇ ਭਾਈਵਾਲ ਬਣੇ ਹਨ। ਰਵਾਇਤੀ ਪਾਰਟੀਆਂ ਉਨ੍ਹਾਂ ਨੂੰ ਇਸ ਲਈ ਨਿਸ਼ਾਨਾ ਬਣਾ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਸਮਝ ਆ ਚੁੱਕੀ ਹੈ ਕਿ ਲੋਕ ਹੁਣ ਉਨ੍ਹਾਂ ਦੀ ਧੋਖੇ, ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ, “ਅਕਾਲੀ ਲੀਡਰਸ਼ਿਪ ਨੇ ਆਪਣੇ ਸ਼ਾਸਨਕਾਲ ਦੌਰਾਨ ਲਗਭਗ ਹਰੇਕ ਕਾਰੋਬਾਰ ਵਿੱਚ ਆਪਣਾ ਹਿੱਸਾ ਪਾ ਲਿਆ। ਇਹ ਆਗੂ ਹਰ ਕਾਰੋਬਾਰ ਵਿੱਚ ਜ਼ਬਰਦਸਤੀ ਆਪਣਾ ਹਿੱਸਾ ਲੈਂਦੇ ਸਨ, ਜਦਕਿ ਮੈਂ ਆਮ ਲੋਕਾਂ ਦੇ ਸੁੱਖ, ਸੰਘਰਸ਼ ਅਤੇ ਦੁੱਖ ਵੰਡਾਉਣ ਦਾ ਰਾਹ ਚੁਣਿਆ ਹੈ। ਇਨ੍ਹਾਂ ਨੂੰ ਤਕਲੀਫ਼ ਇਸ ਗੱਲ ਦੀ ਹੈ ਕਿ ਸਾਡੀ ਸਰਕਾਰ ਰਸੂਖ਼ਵਾਨ ਪਰਿਵਾਰਾਂ ਦੀ ਥਾਂ ਆਮ ਲੋਕਾਂ ਲਈ ਕੰਮ ਕਰ ਰਹੀ ਹੈ।”
ਪਿੰਡਾਂ ਦੇ ਦੌਰਿਆਂ ਦੌਰਾਨ ਲੋਕਾਂ ਵੱਲੋਂ ਮਿਲਦੇ ਨਿੱਘੇ ਪਿਆਰ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਅਸੀਸਾਂ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪੂੰਜੀ ਅਤੇ ਪੰਜਾਬ ਦੀ ਸੇਵਾ ਦਾ ਇਨਾਮ ਹਨ। ਉਨ੍ਹਾਂ ਕਿਹਾ, “ਜਦੋਂ ਵੀ ਮੈਂ ਪਿੰਡਾਂ ਵਿੱਚ ਜਾਂਦਾ ਹਾਂ ਤਾਂ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਹੈ ਕਿਉਂਕਿ ਲੋਕ ਮੇਰੇ ਉੱਤੇ ਆਪਣਾ ਪਿਆਰ, ਆਸ਼ੀਰਵਾਦ ਅਤੇ ਸਨੇਹ ਵਰਸਾਉਂਦੇ ਹਨ। ਮੇਰੀ ਪਿੱਠ ’ਤੇ ਕਿਸੇ ਰਸੂਖ਼ਵਾਨ ਪਰਿਵਾਰ ਜਾਂ ਵੱਡੇ ਸਰਮਾਏਦਾਰਾਂ ਦਾ ਹੱਥ ਨਹੀਂ ਹੈ, ਬਲਕਿ ਮੇਰੇ ਕੋਲ ਆਮ ਲੋਕਾਂ ਦੀਆਂ ਅਸੀਸਾਂ ਹਨ। ਜਦੋਂ ਤੱਕ ਪੰਜਾਬ ਦੇ ਲੋਕ ਮੇਰੇ ਨਾਲ ਖੜ੍ਹੇ ਹਨ, ਮੈਨੂੰ ਵਿਰੋਧੀਆਂ ਦੀ ਕੋਈ ਪ੍ਰਵਾਹ ਨਹੀਂ।”
ਕਾਂਗਰਸ ’ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰੂਨੀ ਫੁੱਟ ਨਾਲ ਜੂਝ ਰਹੀ ਹੈ ਅਤੇ ਇਸ ਦੇ ਆਗੂ ਆਪਸ ਵਿੱਚ ਹੀ ਏਕਤਾ ਕਾਇਮ ਰੱਖਣ ਦੇ ਕਾਬਲ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਜਨਤਕ ਤੌਰ ’ਤੇ ਇੱਕ-ਦੂਜੇ ਦੇ ਵਿਰੋਧੀ ਹੋਣ ਦਾ ਦਿਖਾਵਾ ਕਰਦੇ ਹਨ, ਪਰ ਜਦੋਂ ਮੌਜੂਦਾ ਸਰਕਾਰ ਦਾ ਵਿਰੋਧ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਸਾਰੇ ਅੰਦਰਖਾਤੇ ਇੱਕ ਹੋ ਜਾਂਦੇ ਹਨ।
ਦਲ-ਬਦਲੀਆਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਲੰਮਾ ਸਮਾਂ ਰਹੇ ਕਈ ਆਗੂ ਹੁਣ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਮਨਪ੍ਰੀਤ ਸਿੰਘ ਬਾਦਲ, ਸੁਨੀਲ ਜਾਖੜ ਅਤੇ ਰਵਨੀਤ ਸਿੰਘ ਬਿੱਟੂ ਉਨ੍ਹਾਂ ਆਗੂਆਂ ਵਿੱਚੋਂ ਹਨ ਜਿਨ੍ਹਾਂ ਨੇ ਸਮੇਂ-ਸਮੇਂ ‘ਤੇ ਆਪਣੀਆਂ ਵਫ਼ਾਦਾਰੀਆਂ ਬਦਲੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਦਲ-ਬਦਲੀਆਂ ਰਵਾਇਤੀ ਪਾਰਟੀਆਂ ਦੀ ਪਛਾਣ ਬਣ ਚੁੱਕੀਆਂ ਹਨ, ਜਿਨ੍ਹਾਂ ਦੇ ਆਗੂ ਆਪਣੀ ਸਹੂਲਤ ਅਨੁਸਾਰ ਮੌਕਾਪ੍ਰਸਤੀ ਦੀ ਰਾਜਨੀਤੀ ਕਰਦੇ ਹੋਏ ਰੰਗ ਬਦਲਦੇ ਰਹਿੰਦੇ ਹਨ।
ਪ੍ਰਮੁੱਖ ਸਿਆਸੀ ਆਗੂਆਂ ਨੂੰ ਲੋਕਾਂ ਵੱਲੋਂ ਚੋਣਾਂ ਵਿੱਚ ਨਕਾਰੇ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਨੂੰ ਹਰਾ ਕੇ ਆਪਣੀ ਜਮਹੂਰੀ ਤਾਕਤ ਦਾ ਸਬੂਤ ਪਹਿਲਾਂ ਹੀ ਦੇ ਦਿੱਤਾ ਹੈ। ਉਨ੍ਹਾਂ ਕਿਹਾ, “ਕੋਈ ਵੀ ਸਿਆਸੀ ਆਗੂ, ਚਾਹੇ ਉਸ ਦਾ ਅਹੁਦਾ ਜਾਂ ਰਸੂਖ਼ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਲੋਕਾਂ ਤੋਂ ਵੱਡਾ ਨਹੀਂ ਹੁੰਦਾ। ਲੋਕਤੰਤਰ ਵਿੱਚ ਜਨਤਾ ਹੀ ਸਰਵਉੱਚ ਹੈ ਅਤੇ ਉਸ ਦਾ ਫ਼ਤਵਾ ਹੀ ਸਭ ਤੋਂ ਅਹਿਮ ਹੁੰਦਾ ਹੈ। ਕੋਈ ਵੀ ਸਿਆਸੀ ਪਰਿਵਾਰ ਜਾਂ ਵਿਅਕਤੀ ਪੰਜਾਬ ਦੀ ਮਾਲਕੀ ਦਾ ਦਾਅਵਾ ਨਹੀਂ ਕਰ ਸਕਦਾ। ਲੋਕਾਂ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਉਹ ਹੰਕਾਰ, ਧੋਖਾ ਅਤੇ ਲੁੱਟ-ਖਸੁੱਟ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਜਨਤਾ ਵੋਟਾਂ ਖ਼ਾਤਰ ਝੂਠੇ ਵਾਅਦੇ ਕਰਨ ਵਾਲਿਆਂ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਕੇ ਦਿਖਾਉਣ ਵਾਲਿਆਂ ਵਿਚਲਾ ਫ਼ਰਕ ਸਾਫ਼ ਸਮਝਦੀ ਹੈ।”
ਪ੍ਰੋਗਰਾਮ ਦੌਰਾਨ ਸਮਰਪਿਤ ਕੀਤੇ ਗਏ ਪ੍ਰੋਜੈਕਟਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ ਸਿਰਫ਼ ਬੁਨਿਆਦੀ ਢਾਂਚੇ ਦਾ ਉਪਰਾਲਾ ਨਹੀਂ ਹੈ, ਸਗੋਂ ਪੰਜਾਬ ਦੇ ਲੋਕਾਂ ਦੀ ਸਿਹਤ ਅਤੇ ਭਵਿੱਖ ਵਿੱਚ ਸਿੱਧਾ ਨਿਵੇਸ਼ ਹੈ। ਉਨ੍ਹਾਂ ਕਿਹਾ, “ਲਗਭਗ 90,000 ਘਰਾਂ ਨਾਲ ਸਬੰਧਤ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਨਹਿਰਾਂ ‘ਤੇ ਅਧਾਰਿਤ ਪੀਣ ਵਾਲਾ ਸਾਫ਼ ਪਾਣੀ ਨਿਰਵਿਘਨ ਮਿਲੇਗਾ। ਇਹ ਪ੍ਰਾਜੈਕਟ ਖਾਸ ਤੌਰ ‘ਤੇ ਮਹੱਤਵਪੂਰਨ ਹਨ ਕਿਉਂਕਿ ਕਈ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਫਲੋਰਾਈਡ ਅਤੇ ਭਾਰੀ ਧਾਤਾਂ ਦੇ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੋਇਆ ਹੈ। ਸਾਡੀ ਸਰਕਾਰ ਨੇ ਲੋਕਾਂ ਨੂੰ ਧਰਤੀ ਹੇਠਲੇ ਦੂਸ਼ਿਤ ਪਾਣੀ ਨਾਲ ਜੁੜੇ ਸਿਹਤ ਖਤਰਿਆਂ ਤੋਂ ਬਚਾਉਣ ਲਈ ਇਹ ਉਪਰਾਲਾ ਕੀਤਾ ਹੈ।”
ਮੁੱਖ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਸਿਰਫ਼ ਪਾਈਪਲਾਈਨਾਂ ਨਹੀਂ ਵਿਛਾ ਰਹੀ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਨੂੰ ਸੁਰੱਖਿਅਤ ਕਰ ਰਹੀ ਹੈ। ਸਾਫ਼ ਪੀਣ ਵਾਲਾ ਪਾਣੀ ਇੱਕ ਬੁਨਿਆਦੀ ਲੋੜ ਹੈ ਅਤੇ ਹਰ ਪਰਿਵਾਰ ਨੂੰ ਉਸ ਦਾ ਬਰਾਬਰ ਅਧਿਕਾਰ ਹੈ, ਚਾਹੇ ਉਹ ਕਿਸੇ ਵੀ ਆਰਥਿਕ ਪਿਛੋਕੜ ਨਾਲ ਸਬੰਧ ਰੱਖਦਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਹਜ਼ਾਰਾਂ ਪਰਿਵਾਰਾਂ ਲਈ ਜੀਵਨ ਰੇਖਾ ਸਾਬਤ ਹੋਣਗੇ।
ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੀ ਕਾਇਆਕਲਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੁਧਰੀ ਹੋਈ ਵਿਦਿਅਕ ਕਾਰਗੁਜ਼ਾਰੀ ਅਤੇ ਵਿਦਿਆਰਥੀਆਂ ਵਿੱਚ ਵਧ ਰਿਹਾ ਆਤਮ-ਵਿਸ਼ਵਾਸ ਸਰਕਾਰ ਦੇ ਯਤਨਾਂ ਦੇ ਨਤੀਜਿਆਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, “ਸਾਲ 2021 ਵਿੱਚ ਸਰਕਾਰੀ ਸਕੂਲਾਂ ਦੇ ਸਿਰਫ਼ 80 ਵਿਦਿਆਰਥੀ ਨੀਟ ਲਈ ਯੋਗ ਹੋਏ ਸਨ, ਜਦੋਂ ਕਿ ਇਸ ਸਾਲ ਇਹ ਗਿਣਤੀ ਵਧ ਕੇ 882 ਹੋ ਗਈ ਹੈ। ਇਹ ਸੁਧਾਰ ਸਾਡੀ ਸਰਕਾਰ ਦੀ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਬਰਾਬਰ ਮੌਕੇ ਪ੍ਰਦਾਨ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”
ਉਨ੍ਹਾਂ ਕਿਹਾ ਕਿ ਗਰੀਬ ਅਤੇ ਮੱਧ ਵਰਗ ਪਰਿਵਾਰਾਂ ਦੇ ਬੱਚਿਆਂ ਨੂੰ ਪਹਿਲਾਂ ਇਹ ਮੰਨਣ ਲਈ ਮਜਬੂਰ ਕੀਤਾ ਜਾਂਦਾ ਸੀ ਕਿ ਮਿਆਰੀ ਸਿੱਖਿਆ ਅਤੇ ਪੇਸ਼ੇਵਰ ਕਰੀਅਰ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰ ਕੇ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਮਰੱਥ ਬਣਾ ਕੇ ਇਸ ਮਾਨਸਿਕਤਾ ਨੂੰ ਬਦਲਣ ਲਈ ਕੰਮ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚੇ ਸਭ ਤੋਂ ਮਹਿੰਗੇ ਨਿੱਜੀ ਅਦਾਰਿਆਂ ਦੇ ਵਿਦਿਆਰਥੀਆਂ ਨਾਲ ਸਫਲਤਾਪੂਰਵਕ ਮੁਕਾਬਲਾ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਅਸਲ ਵਿੱਚ ਲੋਕਾਂ ਦੀ ਭਲਾਈ ਵਾਲੀ ਸਰਕਾਰ ਹੈ, ਜੋ ਲੋਕਾਂ ਦੀਆਂ ਜ਼ਿੰਦਗੀਆਂ ਸੁਧਾਰਨ ਲਈ ਅਣਥੱਕ ਮਿਹਨਤ ਕਰਦੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਜਨਤਕ ਸਿਹਤ ਸੰਭਾਲ ਨੂੰ ਮਜ਼ਬੂਤ ਕੀਤਾ ਹੈ, ਜਿਸ ਤਹਿਤ ਯੋਗ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਵਰ ਮਿਲੇਗਾ। ਉਨ੍ਹਾਂ ਕਿਹਾ, “ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਪਰਿਵਾਰ ਡਾਕਟਰੀ ਖਰਚਿਆਂ ਕਾਰਨ ਆਰਥਿਕ ਮੁਸ਼ਕਲ ਵਿੱਚ ਨਾ ਪਵੇ ਅਤੇ ਮਿਆਰੀ ਸਿਹਤ ਸੰਭਾਲ ਆਮ ਨਾਗਰਿਕਾਂ ਦੀ ਪਹੁੰਚ ਵਿੱਚ ਰਹੇ। ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਲੋਕਾਂ ਨੂੰ ਆਰਥਿਕ ਬੋਝ ਦੀ ਚਿੰਤਾ ਕੀਤੇ ਬਿਨਾਂ ਜ਼ਰੂਰੀ ਸਿਹਤ ਸੰਭਾਲ ਮਿਲੇ।”
ਕਿਸਾਨਾਂ ਲਈ ਸਰਕਾਰ ਦੇ ਉਪਰਾਲਿਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਕਾਰਜਾਂ ਲਈ ਦਿਨ ਵੇਲੇ ਬਿਜਲੀ ਮੁਹੱਈਆ ਕਰਵਾਉਣ ਨਾਲ ਕਿਸਾਨ ਭਾਈਚਾਰੇ ਨੂੰ ਵੱਡੀ ਰਾਹਤ ਮਿਲੀ ਹੈ। ਕਿਸਾਨ ਹੁਣ ਆਪਣੀਆਂ ਫ਼ਸਲਾਂ ਨੂੰ ਸਿੰਜਣ ਲਈ ਪੂਰੀ ਰਾਤ ਜਾਗਣ ਦੀ ਬਜਾਏ ਦਿਨ ਵੇਲੇ ਆਪਣੇ ਖੇਤਾਂ ਵਿੱਚ ਕੰਮ ਕਰ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਨਹਿਰੀ ਸਿੰਜਾਈ ਹੇਠਲਾ ਰਕਬਾ ਵੀ ਕਾਫ਼ੀ ਵਧਿਆ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘਟੀ ਹੈ ਅਤੇ ਸੂਬੇ ਦੇ ਪਾਣੀਆਂ ਦੇ ਕੀਮਤੀ ਸਰੋਤਾਂ ਨੂੰ ਬਚਾਉਣ ਵਿੱਚ ਮਦਦ ਮਿਲੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੇ ਕਿਸਾਨ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਸਹੂਲਤ, ਸਤਿਕਾਰ ਅਤੇ ਖੁਸ਼ਹਾਲੀ ਸਾਡੀਆਂ ਤਰਜੀਹਾਂ ਹਨ। ਦਿਨ ਵੇਲੇ ਬਿਜਲੀ ਦੇਣਾ ਅਤੇ ਨਹਿਰੀ ਨੈੱਟਵਰਕ ਦਾ ਵਿਸਤਾਰ ਕਰਨਾ ਖੇਤੀਬਾੜੀ ਨੂੰ ਵਧੇਰੇ ਟਿਕਾਊ ਬਣਾਉਣ ਅਤੇ ਇਹ ਯਕੀਨੀ ਬਣਾਉਣ ਵੱਲ ਮਹੱਤਵਪੂਰਨ ਕਦਮ ਹਨ ਕਿ ਸਾਡੇ ਕਿਸਾਨਾਂ ਨੂੰ ਬੇਲੋੜਾ ਸੰਘਰਸ਼ ਨਾ ਕਰਨਾ ਪਵੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਇਸ ਤੱਥ ਨੂੰ ਹਜ਼ਮ ਕਰਨ ਤੋਂ ਅਸਮਰੱਥ ਹਨ ਕਿ ਪੰਜਾਬ ਵਿੱਚ ਸ਼ਾਸਨ ਦਾ ਨਵਾਂ ਮਾਡਲ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿੱਚ ਜਨਤਕ ਪੈਸਾ ਸਿੱਖਿਆ, ਸਿਹਤ ਸੰਭਾਲ, ਪੀਣ ਵਾਲੇ ਪਾਣੀ, ਸਿੰਜਾਈ ਅਤੇ ਹੋਰ ਜ਼ਰੂਰੀ ਸੇਵਾਵਾਂ ‘ਤੇ ਖਰਚ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਆਪਣੇ ਸਿਆਸੀ ਹਮਲੇ ਜਾਰੀ ਰੱਖ ਸਕਦੀ ਹੈ, ਪਰ ਲੋਕ ਸਰਕਾਰਾਂ ਦਾ ਮੁਲਾਂਕਣ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਵਚਨਬੱਧਤਾ ਦੇ ਆਧਾਰ ‘ਤੇ ਕਰਨਗੇ। ਜਿਨ੍ਹਾਂ ਨੇ ਦਹਾਕਿਆਂ ਤੱਕ ਪੰਜਾਬ ਉੱਤੇ ਰਾਜ ਕੀਤਾ, ਉਨ੍ਹਾਂ ਕੋਲ ਲੋਕਾਂ ਦੀ ਸੇਵਾ ਕਰਨ ਦੇ ਬਹੁਤ ਸਾਰੇ ਮੌਕੇ ਸਨ ਪਰ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹੇ। ਉਨ੍ਹਾਂ ਅੱਗੇ ਕਿਹਾ ਕਿ ਅੱਜ ਜਦੋਂ ਸਰਕਾਰੀ ਸਕੂਲ ਸੁਧਰ ਰਹੇ ਹਨ, ਸਿਹਤ ਸੰਭਾਲ ਲੋਕਾਂ ਦੇ ਦਰਵਾਜ਼ਿਆਂ ਤੱਕ ਪਹੁੰਚ ਰਹੀ ਹੈ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ ਅਤੇ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲ ਰਿਹਾ ਹੈ ਤਾਂ ਉਹੀ ਸਿਆਸੀ ਤਾਕਤਾਂ ਬੇਚੈਨ ਹੋ ਰਹੀਆਂ ਹਨ।
ਆਪਣੀ ਸਰਕਾਰ ਦੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਨਤਕ ਪੈਸੇ ਦਾ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਵਰਤਿਆ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀ ਸਿਆਸੀ ਲੜਾਈ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਸਿਆਸੀ ਪਾਰਟੀ ਬਾਰੇ ਨਹੀਂ ਹੈ, ਸਗੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਬਾਰੇ ਹੈ। ਉਨ੍ਹਾਂ ਕਿਹਾ, “ਪੰਜਾਬ ਦੇ ਲੋਕ ਮੇਰਾ ਪਰਿਵਾਰ ਹਨ ਅਤੇ ਉਨ੍ਹਾਂ ਦਾ ਵਿਸ਼ਵਾਸ ਮੇਰੀ ਸਭ ਤੋਂ ਵੱਡੀ ਤਾਕਤ ਹੈ। ਇਹ ਸਿਆਸੀ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਹਨ, ਮੁਹਿੰਮਾਂ ਚਲਾ ਸਕਦੀਆਂ ਹਨ ਅਤੇ ਦੋਸ਼ ਲਾ ਸਕਦੀਆਂ ਹਨ, ਪਰ ਉਹ ਪੰਜਾਬੀਆਂ ਦੀਆਂ ਸਮੂਹਿਕ ਇੱਛਾਵਾਂ ਨੂੰ ਹਰਾ ਨਹੀਂ ਸਕਦੀਆਂ। ਪੰਜਾਬ ਦਾ ਭਵਿੱਖ ਇਸ ਦੇ ਲੋਕਾਂ ਦੁਆਰਾ ਤੈਅ ਕੀਤਾ ਜਾਵੇਗਾ, ਨਾ ਕਿ ਕੁਝ ਸਿਆਸੀ ਪਰਿਵਾਰਾਂ ਦੁਆਰਾ।” 

ਹੋਰ ਖ਼ਬਰਾਂ :-  ‘ਯੁੱਧ ਨਸ਼ਿਆਂ ਵਿਰੁੱਧ’: 294ਵੇਂ ਦਿਨ : ਵੱਡੇ ਤਲਾਸ਼ੀ ਅਭਿਆਨ ਤਹਿਤ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਨਸ਼ਿਆਂ ਦੇ 494 ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ

Leave a Reply

Your email address will not be published. Required fields are marked *