ਸੇਫ ਸਕੂਲ ਵਾਹਨ ਪਾਲਿਸੀ ਤਹਿਤ ਮਾਹਿਲਪੁਰ ‘ਚ 38 ਸਕੂਲੀ ਬੱਸਾਂ ਦੀ ਜਾਂਚ, 13 ਦੇ ਕੱਟੇ ਚਲਾਨ

38 school buses inspected in Mahilpur under Safe School Vehicle Policy, challans issued for 13

ਹੁਸ਼ਿਆਰਪੁਰ, 5 ਨਵੰਬਰ: ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ 4 ਨਵੰਬਰ ਨੂੰ ਬਲਾਕ ਮਾਹਿਲਪੁਰ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ।
                ਇਸ ਮੁਹਿੰਮ ਦੌਰਾਨ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ, ਦਿੱਲੀ ਇੰਟਰਨੈਸ਼ਨਲ ਸਕੂਲ ਜੂਨੀਅਰ ਵਿੰਗ ਮਾਹਿਲਪੁਰ ਅਤੇ ਦੋਆਬਾ ਪਬਲਿਕ ਸਕੂਲ ਮਾਹਿਲਪੁਰ ਦੀਆਂ ਬੱਸਾਂ ਸਮੇਤ ਜ਼ਿਲ੍ਹੇ ਵਿੱਚ ਕੁੱਲ 38 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਪਾਏ ਜਾਣ ‘ਤੇ 13 ਬੱਸਾਂ ਦੇ ਚਲਾਨ ਕੱਟੇ ਗਏ।
                 ਜਾਂਚ ਦੌਰਾਨ ਕੁਝ ਬੱਸਾਂ ਵਿੱਚ ਫਸਟ ਏਡ ਕਿੱਟਾਂ ਦੀ ਮਿਆਦ ਖ਼ਤਮ ਹੋਣ, ਅੱਗ ਬੁਝਾਊ ਯੰਤਰਾਂ ਦੀ ਘਾਟ, ਸਟਾਪ ਸਾਈਨ ਨਾ ਹੋਣ, ਸੀਸੀਟੀਵੀ ਕੈਮਰੇ ਉਪਲਬੱਧ ਨਾ ਹੋਣ ਅਤੇ ਸ਼ੀਸ਼ਿਆਂ ਵਿੱਚ ਤਰੇੜਾਂ ਵਰਗੀਆਂ ਕਮੀਆਂ ਪਾਈਆਂ ਗਈਆਂ। ਟੀਮ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਅਤੇ ਵਿਵਸਥਾਵਾਂ ਬਾਰੇ ਜਾਗਰੂਕ ਵੀ ਕੀਤਾ ਗਿਆ।
                ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਸਾਰੇ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਬੱਸ ਚਾਲਕਾਂ ਦਾ ਸਮੇਂ-ਸਮੇਂ ‘ਤੇ ਮੈਡੀਕਲ ਚੈੱਕਅੱਪ ਕਰਵਾਇਆ ਜਾਵੇ ਅਤੇ ਬੱਸ ਚਾਲਕਾਂ ਤੇ ਅਟੈਂਡੈਂਟਾਂ ਲਈ ਨਿਰਧਾਰਤ ਵਰਦੀ ਪਹਿਨਣੀ ਲਾਜ਼ਮੀ ਯਕੀਨੀ ਬਣਾਈ ਜਾਵੇ।
                ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦੇ ਬੱਸ ਵਿੱਚ ਚੜ੍ਹਨ ਅਤੇ ਉਤਰਨ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸੜਕ ਪਾਰ ਕਰਵਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ। ਜਾਂਚ ਦੌਰਾਨ ਪਾਈਆਂ ਗਈਆਂ ਸਾਰੀਆਂ ਕਮੀਆਂ ਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
               ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਰਣਜੀਤ ਕੌਰ ਅਤੇ ਗੁਰਜੋਤ ਸਿੰਘ, ਪੁਲਿਸ ਵਿਭਾਗ ਤੋਂ ਸੁਖਵਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਤੋਂ ਹਰਜਿੰਦਰ ਪਾਲ ਸਿੰਘ ਸਮੇਤ ਪੂਰੀ ਟੀਮ ਮੌਜੂਦ ਰਹੀ।
          ਟਾਸਕ ਫੋਰਸ ਨੇ ਸਪੱਸ਼ਟ ਕੀਤਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਜਾਂਚ ਮੁਹਿੰਮ ਪੂਰੇ ਜ਼ਿਲ੍ਹੇ ਵਿੱਚ ਲਗਾਤਾਰ ਜਾਰੀ ਰਹੇਗੀ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। 

ਹੋਰ ਖ਼ਬਰਾਂ :-  ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਹਰਿਆਣਾ ਸਕੱਤਰੇਤ ਤੋਂ ‘ਸਤਰਕ-ਹਰਿਆਣਾ’ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ

Leave a Reply

Your email address will not be published. Required fields are marked *