ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਨਦਾਮਪੁਰ ਵਿਖੇ 45 ਲੱਖ ਰੁਪਏ ਦੀ ਲਾਗਤ ਨਾਲ ਬਣੇ ਮੁੱਖ ਮੰਤਰੀ ਖੇਡ ਮੈਦਾਨ ਦਾ ਕੀਤਾ ਉਦਘਾਟਨ

MLA Narinder Kaur Bharaj inaugurated the Chief Minister's Playground built at a cost of Rs. 45 lakhs in village Nadampur.

ਭਵਾਨੀਗੜ੍ਹ, 12 ਨਵੰਬਰ 2026 ਵਿਧਾਨ ਸਭਾ ਹਲਕਾ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਪਿੰਡ ਨਦਾਮਪੁਰ ਵਿਖੇ 45 ਲੱਖ ਰੁਪਏ ਦੀ ਲਾਗਤ ਨਾਲ ਬਣੇ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ ਕੀਤਾ। ਉਨ੍ਹਾਂ ਪਿੰਡ ਦੇ ਜਿੰਮ ਦਾ ਵੀ ਉਦਘਾਟਨ ਕੀਤਾ ਅਤੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ। ਇਸ ਮੌਕੇ ਉਨ੍ਹਾਂ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੀ ਰੁਚੀ ਅਨੁਸਾਰ ਖੇਡ ਚੁਣ ਕੇ ਨਿਯਮਤ ਅਭਿਆਸ ਕਰਨ ਲਈ ਪ੍ਰੇਰਿਆ।

ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਭਰਾਜ ਨੇ ਕਿਹਾ ਕਿ ਪਿੰਡ ਵਿੱਚ ਹੀ ਖੇਡ ਮੈਦਾਨ ਅਤੇ ਜਿੰਮ ਦੀ ਸਹੂਲਤ ਮਿਲਣ ਨਾਲ ਬੱਚਿਆਂ ਤੇ ਨੌਜਵਾਨਾਂ ਲਈ ਖੇਡਾਂ ਅਤੇ ਕਸਰਤ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣਾ ਸੌਖਾ ਹੋਵੇਗਾ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਵਿੱਚ ਬੱਚੇ ਖੇਡਾਂ ਦੇ ਬੁਨਿਆਦੀ ਹੁਨਰ ਸਿੱਖ ਸਕਣਗੇ, ਆਪਣੇ ਸਾਥੀਆਂ ਨਾਲ ਅਭਿਆਸ ਕਰ ਸਕਣਗੇ ਅਤੇ ਸਕੂਲੀ ਤੇ ਹੋਰ ਖੇਡ ਮੁਕਾਬਲਿਆਂ ਦੀ ਤਿਆਰੀ ਕਰ ਸਕਣਗੇ। ਜਿੰਮ ਦੀ ਸਹੂਲਤ ਨਾਲ ਖਿਡਾਰੀਆਂ ਨੂੰ ਆਪਣੀ ਖੇਡ ਲਈ ਲੋੜੀਂਦੀ ਸਰੀਰਕ ਤਿਆਰੀ ਕਰਨ ਅਤੇ ਹੋਰ ਪਿੰਡ ਵਾਸੀਆਂ ਨੂੰ ਨਿਯਮਤ ਕਸਰਤ ਕਰਨ ਦਾ ਮੌਕਾ ਮਿਲੇਗਾ।

ਵਿਧਾਇਕ ਨੇ ਕਿਹਾ ਕਿ ਖੇਡ ਕਿੱਟਾਂ ਦੀ ਵੰਡ ਦਾ ਉਦੇਸ਼ ਖਿਡਾਰੀਆਂ ਨੂੰ ਅਭਿਆਸ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਖਿਡਾਰੀਆਂ ਨੂੰ ਅਭਿਆਸ ਲਈ ਸਮਾਂ ਤੈਅ ਕਰਨ ਅਤੇ ਆਪਣੀ ਖੇਡ ਵਿੱਚ ਸੁਧਾਰ ਲਈ ਲਗਾਤਾਰ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਟੀਮ ਭਾਵਨਾ ਵੀ ਵਿਕਸਤ ਹੁੰਦੀ ਹੈ।

ਹੋਰ ਖ਼ਬਰਾਂ :-  ਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਸੀਨੀਅਰ ਆਗੂ ਡਾ. ਨਵਜੋਤ ਕੌਰ ਸਿੱਧੂ ਨੂੰ ਸੰਗਠਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦਾ ਫ਼ੈਸਲਾ ਕੀਤਾ

ਨਰਿੰਦਰ ਕੌਰ ਭਰਾਜ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਧੀਆਂ ਅਤੇ ਪੁੱਤਰਾਂ ਨੂੰ ਖੇਡਣ ਤੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਬਰਾਬਰ ਮੌਕੇ ਦੇਣ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਹੱਲਾਸ਼ੇਰੀ ਬੱਚਿਆਂ ਨੂੰ ਅਭਿਆਸ ਜਾਰੀ ਰੱਖਣ ਲਈ ਪ੍ਰੇਰਦੀ ਹੈ। ਉਨ੍ਹਾਂ ਪਿੰਡ ਦੇ ਤਜਰਬੇਕਾਰ ਖਿਡਾਰੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਬੱਚਿਆਂ ਨੂੰ ਖੇਡ ਦੇ ਨਿਯਮ ਅਤੇ ਅਭਿਆਸ ਦੇ ਸਹੀ ਤਰੀਕੇ ਸਿਖਾਉਣ।

ਵਿਧਾਇਕ ਨੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਖੇਡ ਮੈਦਾਨ ਤੇ ਜਿੰਮ ਦੀ ਸਾਂਭ-ਸੰਭਾਲ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਦਾਨ ਦੀ ਸਫ਼ਾਈ ਅਤੇ ਜਿੰਮ ਦੇ ਸਾਜ਼ੋ-ਸਾਮਾਨ ਦੀ ਸੰਭਾਲ ਵੱਲ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਪਿੰਡ ਦੇ ਬੱਚੇ, ਨੌਜਵਾਨ ਅਤੇ ਹੋਰ ਵਸਨੀਕ ਲੰਮੇ ਸਮੇਂ ਤੱਕ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਸਕਣ।

ਇਸ ਮੌਕੇ ਗ੍ਰਾਮ ਪੰਚਾਇਤ ਦੇ ਸਮੂਹ ਮੈਂਬਰ, ਪਿੰਡ ਵਾਸੀ, ਗੁਰਪ੍ਰੀਤ ਸਿੰਘ, ਰਣਬੀਰ ਸਿੰਘ, ਸਰਪੰਚ ਜਸਪਾਲ ਸਿੰਘ ਮੱਟਰਾ, ਜਗਪਾਲ ਸਿੰਘ ਕਾਲਾਝਾੜ, ਨਰਿੰਦਰ ਕੌਰ, ਹੈਰੀ ਸਿੰਘ, ਸਰਪੰਚ ਸੁਖਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਹਾਜ਼ਰ ਸਨ।

 

Leave a Reply

Your email address will not be published. Required fields are marked *