ਹਰਭਜਨ ਸਿੰਘ ਈ.ਟੀ.ਓ. ਵੱਲੋਂ ਕੇਂਦਰ ਨੂੰ ਪੰਜਾਬ ਦੇ ਸਾਰੇ ਕੌਮੀ ਮਾਰਗਾਂ ਦੇ ਪੁਲਾਂ ਦਾ ਵਿਆਪਕ ਸੁਰੱਖਿਆ ਆਡਿਟ ਕਰਵਾਉਣ ਦੀ ਅਪੀਲ

Harbhajan Singh ETO appeals to the Centre to conduct a comprehensive safety audit of all national highway bridges in Punjab

ਚੰਡੀਗੜ੍ਹ, 19 ਨਵੰਬਰ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸੜਕੀ ਆਵਾਜਾਈ ਅਤੇ ਰਾਜ ਮਾਰਗ ਬਾਰੇ ਕੇਂਦਰੀ ਮੰਤਰੀ ਨਿਤਿਨ ਜੈਰਾਮ ਗਡਕਰੀ ਨੂੰ ਅਪੀਲ ਕੀਤੀ ਹੈ ਕਿ ਉਹ 19 ਨਵੰਬਰ, 2026 ਨੂੰ ਪਟਿਆਲਾ-ਸੰਗਰੂਰ-ਬਠਿੰਡਾ ਕੌਮੀ ਮਾਰਗ (ਐਨ.ਐਚ.-07) ’ਤੇ ਭਾਖੜਾ ਨਹਿਰ ਉੱਪਰ ਬਣਿਆ ਸਟੀਲ ਦਾ ਪੁਲ ਡਿੱਗਣ ਦੀ ਮੰਦਭਾਗੀ ਘਟਨਾ ਦੇ ਮੱਦੇਨਜ਼ਰ ਸਬੰਧਤ ਅਧਿਕਾਰੀਆਂ ਨੂੰ ਪੰਜਾਬ ਭਰ ਦੇ ਕੌਮੀ ਮਾਰਗਾਂ ’ਤੇ ਬਣੇ ਸਾਰੇ ਪੁਲਾਂ ਦਾ ਵਿਆਪਕ ਢਾਂਚਾਗਤ ਸੁਰੱਖਿਆ ਆਡਿਟ  ਕਰਵਾਉਣ ਦੇ ਨਿਰਦੇਸ਼ ਦੇਣ।

ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਹਰਭਜਨ ਸਿੰਘ ਈ.ਟੀ.ਓ. ਨੇ ਵਿਸ਼ੇਸ਼ ਕਰਕੇ ਕੌਮੀ ਮਾਰਗਾਂ ’ਤੇ ਸੁਰੱਖਿਅਤ ਅਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਵਿੱਚ ਪੁਲਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦਿਆਂ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਨਿਯਮਤ ਢਾਂਚਾਗਤ ਮੁਲਾਂਕਣ ਅਤੇ ਸਮੇਂ ਸਿਰ ਪ੍ਰੀਵੈਂਟਿਵ ਮੇਨਟੇਨੈਂਸ (ਢੁਕਵੇਂ ਰੱਖ-ਰਖਾਅ) ਦੀ ਲੋੜ ’ਤੇ ਜ਼ੋਰ ਦਿੱਤਾ।

ਹਰਭਜਨ ਸਿੰਘ ਈ.ਟੀ.ਓ. ਨੇ ਕੇਂਦਰੀ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਪੰਜਾਬ ਦੇ ਕੌਮੀ ਮਾਰਗਾਂ ’ਤੇ ਬਣੇ ਸਾਰੇ ਪੁਲਾਂ ਦਾ ਸਮੇਂ-ਸਮੇਂ ’ਤੇ ਨਿਰੀਖਣ ਅਤੇ ਪ੍ਰੀਵੈਂਟਿਵ ਮੇਨਟੇਨੈਂਸ  ਦੇ ਨਿਰਦੇਸ਼ ਦੇਣ। ਉਨ੍ਹਾਂ ਨੇ ਪੁਰਾਣੇ ਹੋ ਚੁੱਕੇ ਢਾਂਚਿਆਂ, ਭਾਰ ਸਹਿਣ ਦੀ ਸਮਰੱਥਾ, ਢਾਂਚਾਗਤ ਖਰਾਬੀ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਵਾਲੇ ਪੁਲਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਵਿਆਪਕ ਢਾਂਚਾਗਤ ਸੁਰੱਖਿਆ ਆਡਿਟ ਕਰਵਾਉਣ ਦੀ ਵੀ ਮੰਗ ਕੀਤੀ।

ਹੋਰ ਖ਼ਬਰਾਂ :-  ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪੁਨਰ ਨਿਰਮਾਣ ਕਾਰਨ ਆਉਣ ਵਾਲੇ ਦਿਨਾਂ ’ਚ ਰੇਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਉਨ੍ਹਾਂ ਅੱਗੇ ਅਪੀਲ ਕੀਤੀ ਕਿ ਸੁਰੱਖਿਆ ਆਡਿਟ ਦੇ ਨਤੀਜਿਆਂ ਦੇ ਆਧਾਰ ’ਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਅਤੇ ਕੀਮਤੀ ਮਨੁੱਖੀ ਜਾਨਾਂ ਦੀ ਰਾਖੀ ਲਈ ਪਹਿਲ ਦੇ ਆਧਾਰ ’ਤੇ ਲੋੜੀਂਦੀ ਮਜ਼ਬੂਤੀ, ਮੁਰੰਮਤ ਅਤੇ ਜ਼ਰੂਰੀ ਸੁਧਾਰਾਤਮਕ ਉਪਾਅ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ।

ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਨਿਰਵਿਘਨ ਸੜਕੀ ਸੰਪਰਕ ਸਾਡੀ ਤਰਜੀਹੀ ਜ਼ਿੰਮੇਵਾਰੀ ਹਨ, ਜਿਸ ਲਈ ਸੜਕੀ ਬੁਨਿਆਦੀ ਢਾਂਚੇ ਦੀ ਸੁਰੱਖਿਆ ਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਵਾਸਤੇ ਨਿਯਮਤ ਨਿਗਰਾਨੀ, ਢਾਂਚਾਗਤ ਕਮਜ਼ੋਰੀਆਂ ਦੀ ਸਮੇਂ ਸਿਰ ਪਛਾਣ ਅਤੇ ਰੱਖ-ਰਖਾਅ ਦੇ ਢੁਕਵੇਂ ਉਪਾਅ ਬੇਹੱਦ ਜ਼ਰੂਰੀ ਹਨ।

ਕੈਬਨਿਟ ਮੰਤਰੀ ਨੇ ਆਸ ਪ੍ਰਗਟਾਈ ਕਿ ਕੇਂਦਰੀ ਮੰਤਰੀ ਜਨਤਕ ਸੁਰੱਖਿਆ ਦੇ ਵਡੇਰੇ ਹਿੱਤ ਵਿੱਚ ਇਸ ਮਾਮਲੇ ‘ਚ ਨਿੱਜੀ ਦਖਲ ਦੇ ਕੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਨਗੇ।

 

Leave a Reply

Your email address will not be published. Required fields are marked *