ਪੰਜਾਬ ਸਖੀ ਸ਼ਕਤੀ ਮੇਲਾ ਅਤੇ ਰਿਵਰ ਫੈਸਟੀਵਲ’ ਦੇ ਦੂਜੇ ਦਿਨ ਸੱਭਿਆਚਾਰਕ ਪੇਸ਼ਕਾਰੀਆਂ ਨੇ ਬੰਨ੍ਹਿਆ ਰੰਗ

Cultural performances added colour to the second day of Punjab Sakhi Shakti Mela and River Festival
ਰੂਪਨਗਰ, 22 ਨਵੰਬਰ: ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੀ ਅਗਵਾਈ ਹੇਠ ਰੂਪਨਗਰ ਵਿਖੇ ਕਰਵਾਏ ਜਾ ਰਹੇ ‘ਪੰਜਾਬ ਸਖੀ ਸ਼ਕਤੀ ਮੇਲਾ ਅਤੇ ਰਿਵਰ ਫੈਸਟੀਵਲ’ ਦੇ ਦੂਜੇ ਦਿਨ ਅੱਜ ਮੇਲਾ ਸੱਭਿਆਚਾਰਕ ਰੰਗਾਂ, ਲੋਕ ਕਲਾਵਾਂ ਅਤੇ ਲੋਕਾਂ ਦੇ ਉਤਸ਼ਾਹ ਨਾਲ ਭਰਪੂਰ ਰਿਹਾ। ਮੇਲੇ ਦੌਰਾਨ ਜਿੱਥੇ ਮਹਿਲਾ ਸਸ਼ਕਤੀਕਰਨ, ਪੇਂਡੂ ਉੱਦਮਤਾ ਅਤੇ ਸਥਾਨਕ ਉਤਪਾਦਾਂ ਦੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਵੱਖ-ਵੱਖ ਰਾਜਾਂ ਦੀਆਂ ਲੋਕ ਕਲਾਵਾਂ ਅਤੇ ਪੰਜਾਬੀ ਸੱਭਿਆਚਾਰ ਦੀਆਂ ਪੇਸ਼ਕਾਰੀਆਂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀਆਂ।
 
ਮੇਲੇ ਦੌਰਾਨ ਅੱਜ 22 ਨਵੰਬਰ ਨੂੰ ਸ਼ਾਮ 3 ਵਜੇ ਤੋਂ 4 ਵਜੇ ਤੱਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਬੀਨ ਜੋਗੀ, ਰਾਜਸਥਾਨੀ ਕਲਾਵਾਂ, ਪੰਜਾਬੀ ਜਿੰਦੂਆ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਨੂੰ ਵੱਖ-ਵੱਖ ਖੇਤਰਾਂ ਦੇ ਅਮੀਰ ਲੋਕ ਵਿਰਸੇ ਨਾਲ ਜੋੜਿਆ ਗਿਆ। ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਰਵਾਇਤੀ ਕਲਾਵਾਂ ਨੇ ਮੇਲੇ ਦੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।
 
ਇਸ ਤੋਂ ਪਹਿਲਾਂ 21 ਨਵੰਬਰ ਦੀ ਸ਼ਾਮ ਨੂੰ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਸੰਗੀਤਕ ਪੇਸ਼ਕਾਰੀ ਨਾਲ ਸਰੋਤਿਆਂ ਦਾ ਮਨ ਮੋਹਿਆ, ਜਦਕਿ ਅੱਜ 22 ਨਵੰਬਰ ਨੂੰ ਗਾਇਕ ਆਦੀ ਵੱਲੋਂ ਵੀ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।
 
ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਚੰਦਰਜਯੋਤੀ ਸਿੰਘ ਵੱਲੋਂ ਪਹਿਲਾਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਇਸ ਮੇਲੇ ਦਾ ਮੁੱਖ ਉਦੇਸ਼ ਮਹਿਲਾ ਉੱਦਮੀਆਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਲਈ ਢੁੱਕਵਾਂ ਮੰਚ ਪ੍ਰਦਾਨ ਕਰਨਾ ਹੈ। ਮੇਲੇ ਵਿੱਚ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਹੱਥੀਂ ਬਣੇ ਉਤਪਾਦਾਂ, ਦਸਤਕਾਰੀ, ਰਵਾਇਤੀ ਵਸਤਾਂ, ਘਰੇਲੂ ਉਤਪਾਦਾਂ ਅਤੇ ਖਾਣ-ਪੀਣ ਦੀਆਂ ਵਸਤਾਂ ਦੇ ਸਟਾਲ ਲਗਾਏ ਗਏ ਹਨ। ਇਸ ਨਾਲ ਮਹਿਲਾਵਾਂ ਨੂੰ ਆਪਣੇ ਹੁਨਰ ਅਤੇ ਉੱਦਮ ਨੂੰ ਨਵੇਂ ਗਾਹਕਾਂ ਤੱਕ ਪਹੁੰਚਾਉਣ ਅਤੇ ਆਰਥਿਕ ਤੌਰ ‘ਤੇ ਆਤਮ-ਨਿਰਭਰ ਬਣਨ ਦੇ ਮੌਕੇ ਮਿਲ ਰਹੇ ਹਨ।
 
ਇਸ ਤੋਂ ਇਲਾਵਾ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਨਾਲ ਸਬੰਧਤ ਉੱਦਮੀਆਂ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਈ ਮੰਚ ਮੁਹੱਈਆ ਕਰਵਾਇਆ ਗਿਆ ਹੈ, ਜਿਸ ਦਾ ਉਦੇਸ਼ ਸਥਾਨਕ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਵੈ-ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣਾ ਹੈ।
 
ਮੇਲੇ ਦਾ ਅਹਿਮ ਹਿੱਸਾ ਰਿਵਰ ਫੈਸਟੀਵਲ ਵੀ ਹੈ, ਜਿਸ ਤਹਿਤ ਬੋਟਿੰਗ ਅਤੇ ਰੋਇੰਗ ਸਮੇਤ ਜਲ-ਖੇਡਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਗਤੀਵਿਧੀਆਂ ਰਾਹੀਂ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਜਲ-ਖੇਡਾਂ ਨਾਲ ਜੁੜਨ ਅਤੇ ਰੂਪਨਗਰ ਦੀ ਕੁਦਰਤੀ ਸੁੰਦਰਤਾ ਤੇ ਦਰਿਆਈ ਵਿਰਾਸਤ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲ ਰਿਹਾ ਹੈ।
 
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਇਹ ਮੇਲਾ ਮਹਿਲਾ ਉੱਦਮੀਆਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ, ਸਥਾਨਕ ਉਤਪਾਦਾਂ ਨੂੰ ਬਾਜ਼ਾਰ ਮੁਹੱਈਆ ਕਰਵਾਉਣ, ਪੇਂਡੂ ਉੱਦਮਤਾ ਨੂੰ ਹੁਲਾਰਾ ਦੇਣ ਅਤੇ ਸੱਭਿਆਚਾਰਕ ਵਿਰਸੇ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। 
ਹੋਰ ਖ਼ਬਰਾਂ :-  ਜਿਲ੍ਹਾ ਫਰੀਦਕੋਟ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੰਮ੍ਰਿਤਸਰ ਲਈ ਬੱਸਾਂ ਰਵਾਨਾ

Leave a Reply

Your email address will not be published. Required fields are marked *