ਰੂਪਨਗਰ, 22 ਨਵੰਬਰ: ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਰੂਪਨਗਰ ਵਿਖੇ ਰੋਇੰਗ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਅਤੇ ਖੇਡ ਸ਼੍ਰੇਣੀਆਂ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਪੂਰੇ ਉਤਸ਼ਾਹ, ਖੇਡ ਭਾਵਨਾ ਅਤੇ ਮੁਕਾਬਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ।
ਇਨ੍ਹਾਂ ਮੁਕਾਬਲਿਆਂ ਮੌਕੇ ਓਲੰਪੀਅਨ ਅਤੇ ਏਸ਼ਿਆਈ ਖੇਡਾਂ ਦੇ ਤਮਗਾ ਜੇਤੂ ਸਤਨਾਮ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਪੰਜਾਬ ਰੋਇੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਮੀਤ ਸਿੰਘ ਗਿੱਲ, ਰੋਇੰਗ ਐਸੋਸੀਏਸ਼ਨ ਦੇ ਕੈਪਟਨ ਰਾਮਪਾਲ ਸਿੰਘ, ਰੋਇੰਗ ਐਸੋਸੀਏਸ਼ਨ ਮੋਗਾ ਦੇ ਕੋਚ ਗੁਰਮੀਤ ਸਿੰਘ ਹੰਸ, ਪੰਜਾਬ ਰੋਇੰਗ ਐਸੋਸੀਏਸ਼ਨ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਜਨਤਾ, ਜਸਵਿੰਦਰ ਕੌਰ (ਰੋਇੰਗ ਐਸੋਸੀਏਸ਼ਨ ਮੋਗਾ) ਅਤੇ ਪਰਮਿੰਦਰ ਕੌਰ (ਰੋਪੜ ਰੋਇੰਗ ਐਸੋਸੀਏਸ਼ਨ) ਵੀ ਹਾਜ਼ਰ ਸਨ।
ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਅੰਡਰ-17 ਲੜਕਿਆਂ ਦੇ 1000 ਮੀਟਰ ਸਿੰਗਲ ਸਕੱਲ ਮੁਕਾਬਲੇ ਵਿੱਚ ਮੋਗਾ ਦੇ ਏਕਮਜੋਤ ਸਿੰਘ ਨੇ 3:29.83 ਮਿੰਟ ਦੇ ਸਮੇਂ ਨਾਲ ਪਹਿਲਾ, ਰੂਪਨਗਰ ਦੇ ਹਰਮਨਦੀਪ ਸਿੰਘ ਨੇ 3:51.55 ਮਿੰਟ ਨਾਲ ਦੂਜਾ ਅਤੇ ਬਠਿੰਡਾ ਦੇ ਹਰਿਸਮਨ ਸਿੰਘ ਨੇ 3:51.89 ਮਿੰਟ ਨਾਲ ਤੀਜਾ ਸਥਾਨ ਹਾਸਲ ਕੀਤਾ।
ਅੰਡਰ-17 ਲੜਕੀਆਂ ਦੇ 1000 ਮੀਟਰ ਸਿੰਗਲ ਸਕੱਲ ਮੁਕਾਬਲੇ ਵਿੱਚ ਰੂਪਨਗਰ ਦੀ ਜਗਨਦੀਪ ਕੌਰ ਨੇ 4:17.26 ਮਿੰਟ ਨਾਲ ਪਹਿਲਾ ਅਤੇ ਮੋਗਾ ਦੀ ਜਸਪ੍ਰੀਤ ਕੌਰ ਨੇ 4:30.43 ਮਿੰਟ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕਿਆਂ ਦੇ 1000 ਮੀਟਰ ਡਬਲ ਸਕੱਲ ਮੁਕਾਬਲੇ ਵਿੱਚ ਬਠਿੰਡਾ ਦੀ ਅਗਮਦੀਪ ਸਿੰਘ ਅਤੇ ਮਨਦੀਪ ਸਿੰਘ ਦੀ ਜੋੜੀ ਨੇ 3:59.03 ਮਿੰਟ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮੋਗਾ ਦੇ ਸੁਖਵੀਰ ਸਿੰਘ ਅਤੇ ਗੁਰਮੇਹਰ ਸਿੰਘ ਦੀ ਜੋੜੀ 4:29.84 ਮਿੰਟ ਨਾਲ ਦੂਜੇ ਸਥਾਨ ‘ਤੇ ਰਹੀ।
ਅੰਡਰ-17 ਲੜਕੀਆਂ ਦੇ 1000 ਮੀਟਰ ਡਬਲ ਸਕੱਲ ਮੁਕਾਬਲੇ ਵਿੱਚ ਮੋਗਾ ਦੀ ਪ੍ਰਭਦੀਪ ਕੌਰ ਅਤੇ ਅਤਮਜੀਤ ਗਿੱਲ ਦੀ ਜੋੜੀ ਨੇ 4:29.17 ਮਿੰਟ ਨਾਲ ਪਹਿਲਾ ਅਤੇ ਬਠਿੰਡਾ ਦੀ ਮੋਨਿਕਾ ਅਤੇ ਸਿਮਰਲੀਨ ਕੌਰ ਦੀ ਜੋੜੀ ਨੇ 5:18.89 ਮਿੰਟ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕਿਆਂ ਦੇ 500 ਮੀਟਰ ਡਬਲ ਸਕੱਲ ਮੁਕਾਬਲੇ ਵਿੱਚ ਬਠਿੰਡਾ ਦੀ ਅਗਮਦੀਪ ਸਿੰਘ ਅਤੇ ਮਨਦੀਪ ਸਿੰਘ ਦੀ ਜੋੜੀ ਨੇ 1:51.03 ਮਿੰਟ ਨਾਲ ਪਹਿਲਾ ਅਤੇ ਮੋਗਾ ਦੇ ਸੁਖਵੀਰ ਸਿੰਘ ਅਤੇ ਗੁਰਮੇਹਰ ਸਿੰਘ ਦੀ ਜੋੜੀ ਨੇ 2:27.46 ਮਿੰਟ ਨਾਲ ਦੂਜਾ ਸਥਾਨ ਹਾਸਲ ਕੀਤਾ।
ਅੰਡਰ-17 ਮਿਕਸਡ 500 ਮੀਟਰ ਡਬਲ ਸਕੱਲ ਮੁਕਾਬਲੇ ਵਿੱਚ ਰੂਪਨਗਰ-ਏ ਦੀ ਮਨਵੀਰ ਕੌਰ ਅਤੇ ਹਰਮਨਦੀਪ ਸਿੰਘ ਦੀ ਜੋੜੀ ਨੇ 1:48.07 ਮਿੰਟ ਨਾਲ ਪਹਿਲਾ ਸਥਾਨ ਅਤੇ ਰੂਪਨਗਰ-ਬੀ ਦੀ ਮਹਨਵੀ ਅਤੇ ਸੁਖਵਿੰਦਰ ਸਿੰਘ ਦੀ ਜੋੜੀ ਨੇ 2:33.17 ਮਿੰਟ ਨਾਲ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ 500 ਮੀਟਰ ਡਬਲ ਸਕੱਲ ਮੁਕਾਬਲੇ ਵਿੱਚ ਬਠਿੰਡਾ ਦੀ ਗੁਜਵੰਤ ਸਿੰਘ ਅਤੇ ਗੁਰਜੋਤ ਸਿੰਘ ਦੀ ਜੋੜੀ ਨੇ 1:36.70 ਮਿੰਟ ਨਾਲ ਪਹਿਲਾ, ਬਠਿੰਡਾ ਦੀ ਹੈਰੀ ਸਿੰਘ ਅਤੇ ਨੂਰਦੀਪ ਸਿੰਘ ਦੀ ਜੋੜੀ ਨੇ 1:43.74 ਮਿੰਟ ਨਾਲ ਦੂਜਾ ਅਤੇ ਬਠਿੰਡਾ ਦੀ ਸ਼ਿਵ ਸਿੰਘਮ ਅਤੇ ਸੁਖਦੇਵ ਦੀ ਜੋੜੀ ਨੇ 2:21.68 ਮਿੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕੀਆਂ ਦੇ 1000 ਮੀਟਰ ਕਾਕਸਲੈੱਸ ਫੋਰ ਮੁਕਾਬਲੇ ਵਿੱਚ ਰੂਪਨਗਰ-ਏ ਦੀ ਟੀਮ ਨੇ 3:43.93 ਮਿੰਟ ਨਾਲ ਪਹਿਲਾ ਅਤੇ ਰੂਪਨਗਰ-ਬੀ ਦੀ ਟੀਮ ਨੇ 3:55.40 ਮਿੰਟ ਨਾਲ ਦੂਜਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ‘ਤੇ ਰਹੀ ਟੀਮ ਵਿੱਚ ਮਹਿਕਪ੍ਰੀਤ ਕੌਰ, ਜਸਨੂਰ ਕੌਰ, ਮਨਜਿੰਦਰ ਕੌਰ ਅਤੇ ਹਵਨਪ੍ਰੀਤ ਕੌਰ ਸ਼ਾਮਲ ਸਨ, ਜਦਕਿ ਦੂਜੇ ਸਥਾਨ ‘ਤੇ ਰਹੀ ਟੀਮ ਵਿੱਚ ਸਿਮਰਨਜੀਤ ਕੌਰ, ਪਰਮਜੀਤ ਕੌਰ, ਸੁਖਪ੍ਰੀਤ ਕੌਰ ਅਤੇ ਸਿਮਰਜੋਤ ਕੌਰ ਸ਼ਾਮਲ ਸਨ।
ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਨੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਅਤੇ ਰਾਜ ਪੱਧਰ ‘ਤੇ ਆਪਣੀ ਪਛਾਣ ਬਣਾਉਣ ਦਾ ਮੌਕਾ ਪ੍ਰਦਾਨ ਕੀਤਾ।