ਆਪਣੀ ਈ.ਵੀ.ਐੱਮ. ਨੂੰ ਜਾਣੋ, ਇੱਕ ਜਾਗਰੂਕ ਵੋਟਰ ਬਣੋ’: ਮਾਲੇਰਕੋਟਲਾ ਜ਼ਿਲ੍ਹੇ ਵਿੱਚ 1 ਦਸੰਬਰ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਜਾਗਰੂਕਤਾ ਮੁਹਿੰਮ-ਵਿਰਾਜ ਐਸ. ਤਿੜਕੇ

Know your EVM, become an aware voter: Special awareness campaign to start in Malerkotla district from December 1 - Viraj S. Tidke
ਮਾਲੇਰਕੋਟਲਾ, 29 ਨਵੰਬਰ :
                ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ-2027 ਦੇ ਮੱਦੇਨਜ਼ਰ ਵੋਟਰਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਅਤੇ ਵੋਟਰ ਵੈਰੀਫਾਇਏਬਲ ਪੇਪਰ ਆਡਿਟ ਟ੍ਰੇਲ (ਵੀ.ਵੀ.ਪੈਟ) ਦੀ ਕਾਰਜਪ੍ਰਣਾਲੀ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮਾਲੇਰਕੋਟਲਾ ਵਿੱਚ 1 ਦਸੰਬਰ ਤੋਂ ਵਿਸ਼ੇਸ਼ ਵੋਟਰ ਜਾਗਰੂਕਤਾ ਮੁਹਿੰਮ ਵਿੱਢੀ ਜਾਵੇਗੀ।
     ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ  ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ‘ਆਪਣੀ ਈ.ਵੀ.ਐੱਮ. ਨੂੰ ਜਾਣੋ, ਇੱਕ ਜਾਗਰੂਕ ਵੋਟਰ ਬਣੋ’ ਦੇ ਸੁਨੇਹੇ ਤਹਿਤ ਜ਼ਿਲ੍ਹੇ ਵਿੱਚ ਤਿੰਨ ਈ.ਵੀ.ਐੱਮ. ਪ੍ਰਦਰਸ਼ਨੀ ਕੇਂਦਰ (ਈ.ਡੀ.ਸੀ.) ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਮਾਲੇਰਕੋਟਲਾ, ਐੱਸ.ਡੀ.ਐੱਮ. ਦਫ਼ਤਰ ਮਾਲੇਰਕੋਟਲਾ ਅਤੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਅਮਰਗੜ੍ਹ ਵਿਖੇ ਸਥਾਪਿਤ ਕੀਤੇ ਜਾਣਗੇ।
                ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 105-ਮਾਲੇਰਕੋਟਲਾ ਅਤੇ 106-ਅਮਰਗੜ੍ਹ ਲਈ ਇੱਕ-ਇੱਕ ਮੋਬਾਈਲ ਪ੍ਰਦਰਸ਼ਨੀ ਵੈਨ ਤਾਇਨਾਤ ਕੀਤੀ ਜਾਵੇਗੀ। ਹਲਕਾਵਾਰ ਅਤੇ ਸੈਕਟਰਵਾਰ ਉਲੀਕੇ ਗਏ ਸ਼ਡਿਊਲ ਅਨੁਸਾਰ 1 ਤੋਂ 23 ਦਸੰਬਰ ਤੱਕ ਮਾਲੇਰਕੋਟਲਾ ਹਲਕੇ ਦੇ 97 ਅਤੇ ਅਮਰਗੜ੍ਹ ਹਲਕੇ ਦੇ 135 ਪੋਲਿੰਗ ਸਟੇਸ਼ਨ ਸਥਾਨਾਂ ਨੂੰ ਕਵਰ ਕੀਤਾ ਜਾਵੇਗਾ। ਹਰੇਕ ਵੈਨ ਰੋਜ਼ਾਨਾ 4 ਤੋਂ 8 ਪੋਲਿੰਗ ਸਟੇਸ਼ਨ ਸਥਾਨਾਂ ’ਤੇ ਪਹੁੰਚ ਕੇ ਵੋਟਰਾਂ ਨੂੰ ਮਸ਼ੀਨਾਂ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦੇਵੇਗੀ।
               ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੀ.ਵੀ.ਪੈਟ ਈ.ਵੀ.ਐੱਮ. ਨਾਲ ਜੁੜੀ ਇੱਕ ਮਸ਼ੀਨ ਹੈ, ਜਿਸ ਰਾਹੀਂ ਵੋਟਰ ਆਪਣੀ ਪਾਈ ਗਈ ਵੋਟ ਦੀ ਤਸਦੀਕ ਕਰ ਸਕਦੇ ਹਨ। ਵੋਟ ਪਾਉਣ ਉਪਰੰਤ ਵੀ.ਵੀ.ਪੈਟ ਦੀ ਪਾਰਦਰਸ਼ੀ ਖਿੜਕੀ ਵਿੱਚ ਸੱਤ ਸਕਿੰਟਾਂ ਲਈ ਉਮੀਦਵਾਰ ਦਾ ਨਾਮ, ਲੜੀ ਨੰਬਰ ਅਤੇ ਚੋਣ ਨਿਸ਼ਾਨ ਵਾਲੀ ਕਾਗਜ਼ੀ ਪਰਚੀ ਦਿਖਾਈ ਦਿੰਦੀ ਹੈ। ਇਸ ਉਪਰੰਤ ਇਹ ਪਰਚੀ ਆਪਣੇ ਆਪ ਕੱਟ ਕੇ ਹੇਠਾਂ ਰੱਖੇ ਸੀਲਬੰਦ ਡੱਬੇ ਵਿੱਚ ਡਿੱਗ ਜਾਂਦੀ ਹੈ।
                ਉਨ੍ਹਾਂ ਦੱਸਿਆ ਕਿ ਵੋਟਰ ਚੋਣਾਂ ਸਬੰਧੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰਨ ਲਈ ECINET ਐਪ ਦੇ ‘Book a Call with your BLO’ ਵਿਕਲਪ ਰਾਹੀਂ ਆਪਣੇ ਬੂਥ ਲੈਵਲ ਅਫ਼ਸਰ ਨਾਲ ਵੀ ਸੰਪਰਕ ਕਰ ਸਕਦੇ ਹਨ।
 
ਵਿਰਾਜ ਐਸ.ਤਿੜਕੇ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਗਰੂਕਤਾ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਈ.ਵੀ.ਐੱਮ. ਤੇ ਵੀ.ਵੀ.ਪੈਟ ਦੀ ਕਾਰਜਪ੍ਰਣਾਲੀ ਨੂੰ ਸਮਝਦਿਆਂ ਇੱਕ ਸੁਚੇਤ ਅਤੇ ਜਾਣਕਾਰ ਵੋਟਰ ਵਜੋਂ ਆਪਣੀ ਲੋਕਤੰਤਰੀ ਜ਼ਿੰਮੇਵਾਰੀ ਨਿਭਾਉਣ। 
ਹੋਰ ਖ਼ਬਰਾਂ :-  ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਲੱਗਣਗੇ "ਪੰਜਾਬ ਸਖੀ ਸ਼ਕਤੀ ਮੇਲੇ": ਤਰੁਨਪ੍ਰੀਤ ਸਿੰਘ ਸੌਂਦ

Leave a Reply

Your email address will not be published. Required fields are marked *