ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਅਯੁਧਿਆ ਵਿਖੇ ਰਾਮ ਮੰਦਰ ਦੇ ਉਦਘਾਟਨੀ ਜਸ਼ਨਾਂ ਦੀ ਸਮੁੱਚੇ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਾਡੇ ਲਈ ਬੜਾ ਸੁਨਹਿਰੀ ਮੌਕਾ ਹੈ ਕਿ ਸਾਡੀ ਪੀੜੀ ਨੂੰ ਕਿਸੇ ਇਤਿਹਾਸਿਕ ਮੰਦਰ ਦੇ ਉਦਘਾਟਨੀ ਜਸ਼ਨ ਵੇਖਣ ਦਾ ਮੌਕਾ ਮਿਲਿਆ ਹੈ । ਉਹਨਾਂ ਨੇ ਕਿਹਾ ਕਿ ਸਾਡੇ ਸਾਰੇ ਗੁਰੂਆਂ , ਪੈਗੰਬਰਾਂ, ਪੀਰਾਂ ਨੇ ਆਪਸੀ ਭਾਈਚਾਰੇ , ਪ੍ਰੇਮ, ਪਿਆਰ ਅਤੇ ਚੰਗੇ ਇਨਸਾਨ ਬਣਨ ਦਾ ਸੱਦਾ ਦਿੱਤਾ ਹੈ। ਸ: ਧਾਲੀਵਾਲ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਇਨਾਂ ਗੁਰੂਆਂ , ਪੀਰਾਂ ਦੇ ਦਿੱਤੇ ਹੋਏ ਸੱਦੇ ਉੱਤੇ ਚਲਦਿਆਂ ਆਪਣੇ ਜੀਵਨ ਵਿੱਚ ਅਪਨਾਈਏ। ਉਨਾਂ ਅੱਜ ਅਜਨਾਲਾ ਵਿਖੇ ਵੱਖ-ਵੱਖ ਮੰਦਰਾਂ ਵਲੋਂ ਕਰਵਾਏ ਗਏ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਸਮੁੱਚੇ ਰਾਮ ਭਗਤਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ।
ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਪੰਜਾਬ ਦੇ ਵਿਕਾਸ ਲਈ ਯਤਨਸ਼ੀਲ ਹੈ ਅਤੇ ਇਹ ਸਮੁੱਚੇ ਭਾਈਚਾਰਿਆਂ ਦੇ ਸਹਿਯੋਗ ਬਿਨਾਂ ਸੰਭਵ ਨਹੀਂ ਹੋ ਸਕਦਾ। ਉਨਾਂ ਕਿਹਾ ਕਿ ਪੰਜਾਬ ਦੇ ਭਾਈਚਾਰਕ ਸਾਂਝ ਸਮੁੱਚੀ ਦੁਨਿਆਂ ’ਤੇ ਇਕ ਮਿਸਾਲ ਹੈ ਅਤੇ ਹੁਣ ਮੌਕਾ ਹੈ ਕਿ ਅਸੀਂ ਪੰਜਾਬ ਸਰਕਾਰ ਵਲੋਂ ਹਰੇਕ ਖੇਤਰ ਵਿੱਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਨਿਗਰਾਣੀ ਅਤੇ ਇਸ ਦੀ ਫੀਡ ਬੈਕ ਦਿੰਦੇ ਹੋਏ ਸਾਰੇ ਕੰਮਾਂ ਨੂੰ ਆਪਣੀ ਨਿਗਾ ਹੇਠ ਪੂਰੇ ਕਰਵਾਈਏ। ਉਨਾਂ ਕਿਹਾ ਕਿ ਤੁਸੀਂ ਜਿਸ ਆਸ ਨਾਲ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਬਣਾਈ ਹੈ, ਸਰਕਾਰ ਹਰੇਕ ਉਸ ਸੁਪਨੇ ਨੂੰ ਪੂਰਾ ਕਰੇਗੀ।