ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਜਿਨਾਂ ਦੇ ਯਤਨਾਂ ਸਦਕਾ ਅਲਿਮਕੋ ਵਲੋਂ ਕਰੀਬ ਦੋ ਮਹੀਨੇ ਪਹਿਲਾਂ ਅਜਨਾਲਾ ਅਤੇ ਰਮਦਾਸ ਵਿੱਚ ਦਿਵਿਆਂਗ ਵਿਅਕਤੀਆਂ ਦੀਆਂ ਲੋੜਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗਏ ਸਨ, ਨੂੰ ਅੱਜ ਦੋਹਾਂ ਸ਼ਹਿਰਾਂ ਵਿੱਚ ਕੈਂਪ ਲਗਾ ਕੇ ਲੋੜਵੰਦ ਵਿਅਕਤੀਆ ਦੇ ਸਹਾਇਕ ਉਪਕਰਣ ਦਿੱਤੇ ਗਏ। ਇਸ ਮੌਕੇ ਸੰਬੋਧਨ ਕਰਦੇ ਸ: ਧਾਲੀਵਾਲ ਨੇ ਕਿਹਾ ਕਿ ਮੈਨੂੰ ਖੁਸ਼ੀ ਹੋਈ ਹੈ ਕਿ ਮੈਂ ਇਨਾਂ ਲੋੜਵੰਦਾਂ ਦੇ ਕੰਮ ਆ ਸਕਿਆਂ ਹਾਂ। ਉਨਾਂ ਕਿਹਾ ਕਿ ਅੱਜ ਇਨਾਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਈਆਂ ਹਨ ਅਤੇ ਛੇਤੀ ਹੀ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਲਗਾ ਕੇ ਬਾਕੀ ਰਹਿੰਦੇ ਲੋਕਾਂ ਤੱਕ ਵੀ ਲੋੜੀਂਦੀ ਸਹਾਇਤਾ ਸਮੱਗਰੀ ਪਹੁੰਚਾਈ ਜਾਵੇਗੀ।
ਉਨਾਂ ਦੱਸਿਆ ਕਿ ਅੱਜ ਦੇ ਕੈਂਪਾਂ ਵਿੱਚ 217 ਵਿਅਕਤੀਆਂ ਨੂੰ ਅਲਿਮਕੋ ਦੀ ਸਹਾਇਤਾ ਨਾਲ ਅਜਨਾਲਾ ਅਤੇ ਰਮਦਾਸ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ ਕਰੀਬ 38 ਲੱਖ ਦੀ ਕੀਮਤ ਦੇ ਸਹਾਇਕ ਉਪਰਕਣ ਵੰਡੇ ਗਏ। ਉਨਾਂ ਦੱਸਿਆ ਕਿ ਕੈਂਪ ਦੌਰਾਨ ਬੈਟਰੀ ਵਾਲੇ ਟਰਾਈਸਾਈਕਲ, ਵੀਲ੍ਹ ਚੇਅਰ ਅਤੇ ਹੋਰ ਉਪਕਰਣਾਂ ਦੀ ਵੰਡ ਲੋੜਵੰਦਾਂ ਨੂੰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮੈਂ ਇਸ ਬਾਬਤ ਅਲਿਮਕੋ ਨਾਲ ਰਾਬਤਾ ਕਾਇਮ ਕੀਤਾ ਸੀ ਕਿ ਸਾਡੇ ਸਰਹੱਦੀ ਇਲਾਕੇ ਦੇ ਲੋੜਵੰਦਾਂ ਨੂੰ ਸਹਾਇਕ ਉਪਕਰਣ ਦਿੱਤੇ ਜਾਣ, ਜਿਨਾਂ ਨੇ ਪਹਿਲਾਂ ਵਿਸ਼ੇਸ਼ ਕੈਂਪ ਲਗਾਏ ਗਏ ਸਨ, ਜਿਸ ਵਿੱਚ ਹਰੇਕ ਵਿਅਕਤੀ ਦੀ ਲੋੜ ਅਨੁਸਾਰ ਸਾਇਜ ਲੈ ਕੇ ਉਪਕਰਣ ਤਿਆਰ ਕਰਵਾਏ ਗਏ ਅਤੇ ਹੁਣ ਉਨਾਂ ਦੇ ਨਜ਼ਦੀਕੀ ਸਥਾਨਾਂ ’ਤੇ ਜਾ ਕੇ ਕੈਂਪ ਲਗਾ ਕੇ ਇਹ ਵੰਡ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਸਾਰੇ ਉਪਕਰਣ ਅਲਿਮਕੋ ਵਲੋਂ ਬਹੁਤ ਵਧੀਆ ਤਕਨੀਕ ਅਤੇ ਕੁਆਲਿਟੀ ਨਾਲ ਤਿਆਰ ਕੀਤੇ ਗਏ ਹਨ।
ਇਸ ਮੌਕੇ ਐਸ.ਡੀ.ਐਮ. ਅਰਵਿੰਦਰਪਾਲ ਸਿੰਘ, ਸ੍ਰੀ ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਸਿੱਖਿਆ ਅਧਿਕਾਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਸ੍ਰੀ ਅਸੀਸਇੰਦਰ ਸਿੰਘ ਨੇ ਦੱਸਿਆ ਕਿ ਹੁਣ 29 ਜਨਵਰੀ ਨੂੰ ਜੰਡਿਆਲਾ ਅਤੇ ਬਾਬਾ ਬਕਾਲਾ ਵਿਖੇ ਕੈਂਪ ਲਗਾ ਕੇ ਇਹ ਸਹਾਇਕ ਉਪਕਰਣ ਲੋੜਵੰਦ ਵਿਅਕਤੀਆਂ ਨੂੰ ਦਿੱਤੇ ਜਾਣਗੇ।