ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਨੂੰ ਲੈ ਡੋਰ ਟੂ ਡੋਰ ਪਹੁੰਚ ਕੀਤੀ ਜਾਵੇ ਤਾਂ ਜੋ ਕੋਈ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਸਕੇ।
ਇਸ ਸਬੰਧੀ ਰਿਟਰਨਿੰਗ ਅਫ਼ਸਰ -ਕਮ-ਐਸ.ਡੀ.ਐਮ. ਅੰਮ੍ਰਿਤਸਰ –2 ਸ: ਮਨਕੰਵਲ ਸਿੰਘ ਚਾਹਲ ਨੇ ਜੰਡਿਆਲਾ ਹਲਕੇ ਦੇ ਬੀ.ਐਲ.ਓਜ਼, ਸੁਪਰਵਾਈਜ਼ਰਾਂ ਅਤੇ ਪਟਵਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਘਰ ਘਰ ਜਾ ਕੇ ਵੋਟਾਂ ਦੀ ਰਜਿਸਟਰੇਸ਼ਨ ਕਰਨ ਤਾਂ ਜੋ ਕੋਈ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਉਨਾਂ ਕਿਹਾ ਕਿ ਹਰ ਇੱਕ ਫਾਰਮ ਉੱਪਰ ਬਿਨੈਕਾਰ ਦੀ ਤਾਜਾ ਰੰਗਦਾਰ ਫੋਟੋ ਸੈਲਫ ਅਟੈਸਟਡ ਕੀਤੀ ਜਾਵੇਗੀ ਅਤੇ ਬਿਨੈਕਾਰ ਦੇ ਸ਼ਨਾਖਤੀ ਕਾਰਡ ਦਸਤਾਵੇਜ ਦੀ ਕਾਪੀ ਨਾਲ ਨੱਥੀ ਕੀਤੀ ਜਾਵੇਗੀ।
ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਬੂਥ ਲੈਵਲ ਅਫ਼ਸਰ ਦੁਆਰਾ ਫਾਰਮ ਵੈਰੀਫਾਈ ਕਰਨ ਹਿੱਤ ਬਿਨੈਕਾਰ ਦਾ ਨਾਮ ਵਿਧਾਨ ਸਭਾ ਵੋਟਰ ਸੂਚੀ ਵਿੱਚੋਂ ਟਰੇਸ ਕਰਕੇ ਸਬੰਧਤ ਬਿਨੈਕਾਰ ਦਾ ਮਕਾਨ ਨੰਬਰ ਅਤੇ ਵੋਟਰ ਕਾਰਡ ਨੰਬਰ ਬੀ.ਐਲ.ਓ. ਦੁਆਰਾ ਫਾਰਮ ਉੱਪਰ ਆਪਣੀ ਵੈਰੀਫਿਕੇਸ਼ਨ ਰਿਪੋਰਟ ਵਿੱਚ ਲਿਖਿਆ ਜਾਵੇ। ਜਿੰਨ੍ਹਾਂ ਵੋਟਰਾਂ ਦੇ ਨਾਮ ਵਿਧਾਨ ਸਭਾ ਸੂਚੀ ਵਿੱਚ ਪਹਿਲਾਂ ਤੋਂ ਦਰਜ ਹਨ ਉਨ੍ਹਾਂ ਦੀ ਘਰ ਘਰ ਜਾ ਕੇ ਵੈਰੀਫਿਕੇਸ਼ਨ ਕਰਨ ਦੀ ਲੋੜ ਨਹੀਂ ਹੈ। ਜਿੰਨ੍ਹਾਂ ਬਿਨੈਕਾਰਾਂ ਦਾ ਨਾਮ ਵਿਧਾਨ ਸਭਾ ਸੂਚੀ ਵਿੱਚ ਵੀ ਦਰਜ ਨਹੀਂ ਹੈ, ਉਨ੍ਹਾਂ ਦੇ ਗੁਰਦੁਆਰਾ ਵੋਟਰ ਸੂਚੀ ਵਾਲੇ ਫਾਰਮ ਦੇ ਨਾਲ ਨਾਲ ਵਿਧਾਨ ਸਭਾ ਵੋਟਰ ਸੂਚੀ ਵਿੱਚ ਨਾਮ ਦਰਜ ਕਰਨ ਲਈ ਫਾਰਮ ਨੰ. 6 ਵੀ ਭਰਵਾ ਲਏ ਜਾਣ। ਇਸ ਤਰ੍ਹਾਂ ਜਦੋਂ ਆਪ ਫਾਰਮ ਨੰ. 6 ਦੀ ਵੈਰੀਫਿਕੇਸ਼ਨ ਕਰੋਗੇ ਤਾਂ ਗੁਰਦੁਆਰਾ ਵੋਟਰ ਸੂਚੀ ਫਾਰਮ ਵੀ ਵੈਰੀਫਾਈ ਹੋ ਜਾਵੇਗਾ।
ਸ: ਚਾਹਲ ਨੇ ਬੀ.ਐਲ.ਓਜ਼, ਸੁਪਰਵਾਈਜ਼ਰਾਂ ਅਤੇ ਪਟਵਾਰੀਆਂ ਨਾਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਸਬੰਧੀ ਆਪੋ ਆਪਣੇ ਹਲਕਿਆਂ ਵਿੱਚ ਅਨਾਉਂਸਮੈਂਟ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਬੰਧੀ ਪਤਾ ਚਲ ਸਕੇ।