ਪਿਛਲੀਆਂ ਸਰਕਾਰਾਂ ਨੇ ਬਾਰਡਰ ਦੇ ਹਲਕੇ ਦੀਆਂ ਸੜ੍ਹਕਾਂ ਦੀ ਕੋਈ ਸਾਰ ਨਹੀਂ ਲਈ ਜਿਸ ਕਰਕੇ ਸਾਰੀਆਂ ਲਿੰਕ ਸੜ੍ਹਕਾਂ ਖ਼ਰਾਬ ਪਈਆਂ ਹੋਈਆਂ ਹਨ ਅਤੇ ਸਾਡੀ ਸਰਕਾਰ ਰਾਜਨੀਤੀ ਕਰਨ ਨਹੀਂ ਸਗੋਂ ਰਾਜਨੀਤੀ ਵਿੱਚ ਬਦਲਾਅ ਲਿਆਕੇ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਵਿੱਚ ਪੇਂਡੂ ਲਿੰਕ ਸੜ੍ਹਕਾਂ ਦੀ ਖਾਸ ਮੁਰੰਮਤ ਦਾ ਨੀਂਹ ਪੱਥਰ ਰੱਖਣ ਪਿਛੋਂ ਕੀਤਾ। ਉਨਾਂ ਦੱਸਿਆ ਕਿ 64 ਲੱਖ ਰੁਪਏ ਦੀ ਲਾਗਤ ਨਾਲ ਮੰਡੀ ਬੋਰਡ ਦੀਆਂ ਦੋ ਲਿੰਕ ਸੜ੍ਹਕਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਜਲਦ ਹੀ ਇਸਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਪਹਿਲੀ ਲਿੰਕ ਸੜ੍ਹਕ ਭਖਾ ਹਰੀ ਸਿੰਘ ਤੋਂ ਪੰਡੋਰੀ ਸੁੱਖਾ ਸਿੰਘ ਤੱਕ ਅਤੇ ਦੂਜੀ ਲਿੰਕ ਸੜ੍ਹਕ ਰਿਆੜ ਤੋਂ ਫੂਲੇ ਚੱਕ ਤੱਕ ਬਣਾਈ ਜਾਵੇਗੀ। ਉਨਾਂ ਇਸ ਮੌਕੇ ਅਜਨਾਲਾ ਤੋਂ ਰਮਦਾਸ ਤੱਕ ਬਣ ਰਹੀ ਸੜ੍ਹਕ ਦਾ ਜਾਇਜਾ ਵੀ ਲਿਆ। ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜ੍ਹਕ ਦੇ ਕੰਮ ਨੂੰ ਮਿੱਥੇ ਸਮੇਂ ਅੰਦਰ ਪੂਰਾ ਕੀਤਾ ਜਾਵੇ।ਉਨਾਂ ਕਿਹਾ ਕਿ ਗੁਣਵੱਤਾ ਦੇ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਅਜਨਾਲਾ ਤੋਂ ਚੌਗਾਵਾਂ ਸੜ੍ਹਕ ਦਾ ਕੰਮ ਜੋ ਕਿ ਕਿਸੇ ਕਾਰਨਾਂ ਕਰਕੇ ਰੁਕ ਗਿਆ ਸੀ ਨੂੰ ਮੁੜ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ।
ਸ: ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਹੇਠ ਅਜਨਾਲਾ ਹਲਕੇ ਵਿੱਚ ਲਗਾਤਾਰ ਵਿਕਾਸ ਕਾਰਜ ਜਾਰੀ ਹਨ ਅਤੇ ਅਜਨਾਲਾ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਉਨਾਂ ਕਿਹਾ ਕਿ ਅਜਨਾਲੇ ਦੇ ਚਾਰੇ ਪਾਸੇ ਸੜ੍ਹਕਾਂ ਦਾ ਜਾਲ ਵਿੱਛ ਰਿਹਾ ਹੈ ਅਤੇ ਅਜਨਾਲਾ ਦੇ ਸਰਵਪੱਖੀ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਐਸ.ਡੀ.ਓ. ਮਨਜਿੰਦਰ ਸਿੰਘ ਮੱਤੇਨੰਗਲ, ਐਸ.ਡੀ.ਓ. ਹਰਚਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।