ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਸਹਿਯੋਗ ਨਾਲ ਪ੍ਰੋਗਰੈਸਿਵ ਲੇਖਕ-ਪਾਠਕ ਮੰਚ, ਕੌਮਾਂਤਰੀ ਵੱਲੋਂ ਹਰਤਨਵੀਰ ਢਿੱਲੋਂ, ਮੁਰਾਦਵਾਲਾ ਤੇ ਭੈਣ ਅਨੀਤਾ ਭੋਪਾਲ, ਰਹੀਮਪੁਰ ਦੀ ਯਾਦ ਚ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ, ਜਿਸ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਿੱਤਿਆ। ‘ਮੋਬਾਇਲ ਫੋਨ ਹੈ ਤਾਂ ਜੀਵਨ ਹੈ’ ਵਿਸ਼ੇ ‘ਤੇ ਜ਼ਿਲ੍ਹੇ ਦੇ 11 ਸਿੱਖਿਆ ਸੰਸਥਾਨਾਂ ਦੇ 22 ਵਿਦਿਆਰਥੀਆਂ ਨੇ ਹੱਕ ਅਤੇ ਵਿਰੋਧ ਵਿੱਚ ਆਪਣੇ ਵਿਚਾਰ ਰੱਖੇ। ਇਸ ਮੁਕਾਬਲੇ ਵਿੱਚ ਸ. ਦਰਸ਼ਨ ਸਿੰਘ ਢਿੱਲੋਂ, ਮੁੱਖ ਸੰਪਾਦਕ, ਕੌਮਾਂਤਰੀ ਚਰਚਾ ਮੈਗਜ਼ੀਨ, ਯੂ.ਕੇ. ਅਤੇ ਡਾ. ਰਾਜੀਵ ਕੁਮਾਰ ਸ਼ਰਮਾ ਪ੍ਰਿੰਸੀਪਲ ਡੀ਼ ਏ਼ ਵੀ਼ ਕਾਲਜ ਬਠਿੰਡਾ ਸਤਿਕਾਰਿਤ ਮਹਿਮਾਨਾਂ ਵਜੋਂ ਸ਼ਾਮਿਲ ਹੋਏ।
ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਦਾ ਮੂਲ ਮੰਤਵ ਸੰਜੀਦਾ ਵਿਸ਼ੇ ‘ਤੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਮੰਚ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਸਮੇਂ ਦੇ ਹਾਣੀ ਹੋ ਸਕਣ ਅਤੇ ਦੁਨੀਆਂ ਵਿੱਚ ਉਪਜ ਰਹੇ ਮਸਿਲਆਂ ਬਾਰੇ ਜਾਗਰੁਕ ਹੋਣ।
ਇਸ ਤੋਂ ਬਾਅਦ ਬੋਲਦਿਆਂ ਸ. ਦਰਸ਼ਨ ਸਿੰਘ ਢਿੱਲੋਂ ਨੇ ਆਪਣੇ ਵਿਦਿਆਰਥੀ ਜੀਵਨ ਦੇ ਕਿੱਸੇ ਸਾਂਝੇ ਕੀਤੇ ਅਤ ਪ੍ਰਤੀਭਾਗੀਆਂ ਨੂੰ ਸਟੇਜ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਪਰਿਵਾਰਿਕ ਮੈਂਬਰਾ ਦੀ ਯਾਦ ਵਿੱਚ ਕਰਵਾਏ ਜਾ ਰਹੇ ਅਜਿਹੇ ਸਮਾਗਮਾਂ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਸੁਕੂਨ ਮਿਲਦਾ ਹੈ।
ਜੱਜਾਂ ਦੇ ਪੈਨਲ ਵਿੱਚ ਲੇਖਕ ਅਤੇ ਰਾਈਡਰ ਗੁਰਪ੍ਰੇਮ ਲਹਿਰੀ, ਉੱਘੇ ਚਿੱਤਰਕਾਰ ਅਤੇ ਬੁਲਾਰੇ ਗੁਰਪ੍ਰੀਤ ਆਰਟਿਸਟ ਬਠਿੰਡਾ ਅਤੇ ਸਹਾਇਕ ਨਿਰਦੇਸ਼ਕ ਅਕਾਸ਼ਵਾਣੀ ਬਠਿੰਡਾ ਸ਼੍ਰੀ ਬਲਜੀਤ ਸ਼ਰਮਾ ਹਾਜ਼ਰ ਸਨ। ਅੰਤ ਵਿੱਚ ਡਾ. ਰਾਜੀਵ ਕੁਮਾਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਮੰਚ ਸੰਚਾਲਕ ਦੀ ਭੂਮਿਕਾ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ। ਪ੍ਰੋਗਰਾਮ ਦੇ ਪੋਸਟਰ, ਸੱਦਾ-ਪੱਤਰ ਤੇ ਸਨਮਾਨ-ਚਿੰਨ੍ਹ ਨੂੰ ਗੁਰਨੂਰ ਸਿੰਘ ਦੁਆਰਾ ਡੀਜ਼ਾਈਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਇੰਚਾਰਜ ਸ਼੍ਰੀ ਸੁਖਮਨੀ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ।
ਇਸ ਤੋਂ ਇਲਾਵਾ ਡਾ. ਗੁਰਰਾਜ ਸਿੰਘ ਚਹਿਲ ਪ੍ਰੋਫੈਸਰ ਡੀ.ਏ.ਵੀ. ਕਾਲਜ ਅਬੋਹਰ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ, ਸਾਹਿਤਕਾਰ ਡਾ਼ ਅਜੀਤਪਾਲ, ਰੇਡੀਓ ਐੱਫ.ਐੱਮ ਬਠਿੰਡਾ ਤੋਂ ਸਤਪਾਲ ਬਰਾੜ, ਸੇਵਾਦਾਰ ਅਨਿਲ ਕੁਮਾਰ, ਸ਼ੁਭਮ ਕੁਮਾਰ ਸਮੇਤ ਵੱਖ-ਵੱਖ ਕਾਲਜਾਂ ਦੇ ਅਧਿਆਪਕ ਹਾਜ਼ਰ ਸਨ।
ਨਤੀਜੇ ਦਾ ਐਲਾਨ ਕਰਦੇ ਹੋਏ ਜੱਜ ਸਹਿਬਾਨਾਂ ਨੇ ਗੁਰਵਿੰਦਰ ਸਿੰਘ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਸਰਵੋਤਮ ਬੁਲਾਰੇ ਵਜੋਂ ਚੁਣਿਆ। ਟੀਮ ਵਜੋਂ ਪਹਿਲਾ ਸਥਾਨ ਗੁਰਵਿੰਦਰ ਸਿੰਘ ਤੇ ਜਗਦੀਪ ਸਿੰਘ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ, ਦੂਜਾ ਸਥਾਨ ਰਾਜਪ੍ਰੀਤ ਕੌਰ ਤੇ ਪ੍ਰਭਜੋਤ ਕੌਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ, ਉਦਿਤਾ ਬਸੀ ਤੇ ਪ੍ਰਭਨੂਰ ਸਿੰਘ ਗਿੱਲ ਸਰਕਾਰੀ ਬਹੁ-ਤਕਨੀਕੀ ਕਾਲਜ ਬਠਿੰਡਾ ਅਤੇ ਤੀਜਾ ਸਥਾਨ ਹੁਸਨਪ੍ਰੀਤ ਤੇ ਨਵਨੀਤ ਕੌਰ ਰਿਜਨਲ ਸੈਂਟਰ ਬਠਿੰਡਾ, ਗੁਰਪ੍ਰੀਤ ਸਿੰਘ ਤੇ ਨਵਪ੍ਰੀਤ ਕੌਰ ਪੰਜਾਬੀ ਯੂਨੀਵਰਸਿਟੀ ਕੈਂਪਸ ਸ਼੍ਰੀ ਦਮਦਮਾ ਸਾਹਿਬ ਨੇ ਪ੍ਰਾਪਤ ਕੀਤਾ।