ਫਿਰੌਤੀ ਨਾ ਦੇਣ ‘ਤੇ ਬਿਜਲੀ ਵਿਭਾਗ ਦੇ ਐਕਸ.ਈ.ਐਨ (XEN) ਨੂੰ ਗੋਲੀ ਮਾਰਨ ਆਏ ਜਲੰਧਰ ਦੇ ਰਹਿਣ ਵਾਲੇ ਦੋ ਗੈਂਗਸਟਰਾਂ ਨੂੰ ਫਰੀਦਕੋਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਜ਼ਖਮੀ ਹੋ ਗਏ ਸਨ। ਮੁਲਜ਼ਮਾਂ ਕੋਲੋਂ ਦੋ 32 ਬੋਰ ਪਿਸਤੌਲ ਅਤੇ ਇੱਕ 30 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।
ਦੱਸ ਦਈਏ ਕਿ ਦੋਵਾਂ ਗੈਂਗਸਟਰਾਂ ਦੀ ਪਛਾਣ ਵਿਪਨ ਪ੍ਰੀਤ ਸਿੰਘ ਅਤੇ ਅੰਸੂ ਵਾਸੀ ਜਲੰਧਰ ਵਜੋਂ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਸੂਚਨਾ ਦੇ ਆਧਾਰ ‘ਤੇ ਐਤਵਾਰ ਦੁਪਹਿਰ ਫਰੀਦਕੋਟ ਦੇ ਸੀ.ਆਈ.ਏ ਸਟਾਫ ਨੇ ਮੁਲਜ਼ਮਾਂ ਨੂੰ ਮਚਾਕੀ ਮੱਲ ਨਹਿਰ ਦੇ ਪੁਲ ‘ਤੇ ਘੇਰ ਲਿਆ। ਆਪਣੇ ਆਪ ਨੂੰ ਪੁਲਿਸ ਤੋਂ ਹਾਰਦਾ ਦੇਖ ਕੇ ਦੋਸ਼ੀਆਂ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ‘ਚ ਦੋ ਗੈਂਗਸਟਰਾਂ ਦੀਆਂ ਲੱਤਾਂ ‘ਚ ਗੋਲੀ ਲੱਗੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਾਣਕਾਰੀ ਦਿੰਦਿਆਂ ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਫਰੀਦਕੋਟ ਸਬ-ਡਵੀਜ਼ਨ ਦੇ ਡੀ.ਐੱਸ.ਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਿਜਲੀ ਵਿਭਾਗ ਦੇ ਐਕਸ.ਈ.ਐਨ (XEN) ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਮਿਲੇ ਇਨਪੁਟ ਦੇ ਆਧਾਰ ‘ਤੇ ਦੋਸ਼ੀ ਅਨੂਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਸਬੰਧੀ ਮਿਲੀ ਜਾਣਕਾਰੀ ਦੇ ਆਧਾਰ ‘ਤੇ ਸੀ.ਆਈ.ਏ ਦੀ ਟੀਮ ਫਰੀਦਕੋਟ ਆਈ ਸੀ ਅਤੇ ਅੱਜ ਦੋਸ਼ੀ ਵਿਪਨ ਪ੍ਰੀਤ ਸਿੰਘ ਵਾਸੀ ਜਲੰਧਰ ਫਰੀਦਕੋਟ ਵਿਖੇ ਇਸ ਹਾਦਸੇ ਨੂੰ ਅੰਜਾਮ ਦੇਣ ਲਈ ਆਇਆ ਸੀ ਪਰ ਸੀ.ਆਈ.ਏ ਦੀ ਮੁਸਤੈਦੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਜਿਸ ਸਬੰਧੀ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।